
ਬਲਾਚੌਰ/ਕਾਠਗੜ੍ਹ, 4 ਜਨਵਰੀ (ਜਤਿੰਦਰਪਾਲ ਸਿੰਘ ਕਲੇਰ) : ਸੀਆਈਏ ਸਟਾਫ਼ ਨਵਾਂਸ਼ਹਿਰ ਅਤੇ ਕਾਊਂਟਰ ਇੰਟੈਲੀਜੈਂਸ ਪਟਿਆਲਾ ਦੀ ਸਾਂਝੀ ਟੀਮ ਨੇ ਰਾਹੋਂ ਨੇੜੇ ਨੀਲੋਵਾਲ ਤੋਂ ਦੋ ਤਸਕਰਾਂ ਨੂੰ ਕਾਬੂ ਕਰ ਕੇ ਇਕ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜਾਰ ਵਿਚ ਕੀਮਤ 5 ਕਰੋੜ ਦੱਸੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਸਤਿੰਦਰਪਾਲ ਸਿੰਘ ਨੇ ਦਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਚਾਂਦ ਤੇ ਕਾਊਟਰ ਇੰਟੈਲੀਜੈਸੀ ਦੀ ਟੀਮ ਨੇ ਗਸ਼ਤ ਦੌਰਾਨ ਪਿੰਡ ਨੀਲੋਵਾਲ ਪੁਲੀ ਦੇ ਕਰੀਬ ਇਕ ਜ਼ਾਈਲੋ ਕਾਰ ਵਿਚ ਸਵਾਰ ਦੋ ਵਿਅਕਤੀਆਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਗੱਡੀ ਭਜਾਉਣ ਲੱਗੇ। ਪੁਲਿਸ ਨੇ ਤੁਰਤ ਕਰਵਾਈ ਕਰਦਿਆਂ ਕਾਰ ਸਵਾਰਾਂ ਨੂੰ ਕਾਬੂ ਕਰ ਲਿਆ। ਸੂਚਨਾ ਮਿਲਣ ਤੇ ਡੀਐਸਪੀ ਇਨਵੈਸਟੀਗ੍ਰੇਸ਼ਨ ਹਰਵਿੰਦਰ ਸਿੰਘ ਵੀ ਮੌਕੇ 'ਤੇ ਪਹੁੰਚ ਗਏ।
ਉਨ੍ਹਾਂ ਦੀ ਮੌਜੂਦਗੀ ਵਿਚ ਗੱਡੀ ਅਤੇ ਦੋਵੇਂ ਵਿਅਕਤੀਆਂ ਦੀ ਤਲਾਸ਼ੀ ਲੈਣ 'ਤੇ ਇਕ ਕਿਲੋ ਗ੍ਰਾਮ ਹੈਰੋਇਨ ਬਰਾਮਦ ਹੋਈ। ਫੜੇ ਗਏ ਵਿਅਕਤੀਆਂ ਦੀ ਪਛਾਣ ਸੁਖਵਿੰਦਰ ਸਿੰਘ ਤੇ ਦਲਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਥਾਣਾ ਰਾਹੋਂ ਵਿਖੇ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਦਸਿਆ ਕਿ ਕਾਬੂ ਕੀਤੇ ਕਥਿਤ ਆਰੋਪੀ ਦਲਜੀਤ ਸਿੰਘ ਦਾ ਪਿਛਲਾ ਰੀਕਾਰਡ ਵੀ ਅਪਰਾਧਕ ਹੈ। ਉਸ ਵਿਰੁਧ ਪਹਿਲਾਂ ਵੀ ਇਕ ਹਤਿਆ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋ ਮਾਮਲੇ ਦਰਜ ਹਨ। ਹਤਿਆ ਦੇ ਮਾਮਲੇ ਵਿਚ ਕਥਿਤ ਆਰੋਪੀ ਸਜ਼ਾ ਯਾਫ਼ਤਾ ਹੈ। ਦੂਜੇ ਕਥਿਤ ਆਰੋਪੀ ਸੁਖਵਿੰਦਰ ਵਿਰੁਧ ਵੀ ਦੋ ਮਾਮਲੇ ਦਰਜ ਹਨ। ਦੋਵੇਂ ਆਰੋਪੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਇਨ੍ਹਾਂ ਦਾ ਰਿਮਾਂਡ ਹਾਸਲ ਕਰ ਕੇ ਬਾਰੀਕੀ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ।