
ਚੰਡੀਗੜ੍ਹ•, 19 ਜਨਵਰੀ (ਨੀਲ ਭਲਿੰਦਰ ਸਿਂੰਘ, ਸਰਬਜੀਤ ਸਿੰਘ ਢਿਲੋਂ) : ਕਲਾਕਾਰ ਤੇ ਚਿੱਤਰਕਾਰ ਮਲਕੀਅਤ ਸਿੰਘ (75) ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ ਅਪਣੇ ਪਿੱਛੇ ਪਤਨੀ ਤੇ ਦੋ ਪੁੱਤਰ ਛੱਡ ਗਏ। ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਰਟਿਸਟ ਮਲਕੀਅਤ ਸਿੰਘ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਪ੍ਰੈਸ ਬਿਆਨ ਵਿਚ ਸ. ਸਿੱਧੂ ਨੇ ਮਲਕੀਅਤ ਨੂੰ ਸੂਖਮ ਤੇ ਪੰਜਾਬ ਦੇ ਪਿੰਡਾਂ ਨਾਲ ਜੁੜਿਆ ਕਲਾਕਾਰ ਦਸਦਿਆਂ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਕਲਾ ਜਗਤ ਇਕ ਵਧੀਆ ਕਲਾਕਾਰ ਤੇ ਇਨਸਾਨ ਤੋਂ ਸੱਖਣਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਲਕੀਅਤ ਦੀ ਚਿੱਤਰਕਾਰੀ ਵਿਚ ਪੰਜਾਬ ਦੇ ਪਿੰਡਾਂ
ਦੀ ਰੂਹ ਝਲਕਦੀ ਸੀ। ਉਨ੍ਹਾਂ ਕਿਹਾ ਕਿ ਮਲਕੀਅਤ ਜਿੱਥੇ ਵਧੀਆ ਕਲਾਕਾਰ ਸਨ ਉਥੇ ਹੀ ਲਲਿਤ ਕਲਾਵਾਂ ਬਾਰੇ ਪੱਤਰਕਾਰੀ ਵੀ ਬਹੁਤ ਵਧੀਆ ਕਰਦੇ ਸਨ। ਸ. ਸਿੱਧੂ ਨੇ ਵਿਛੜੀ ਹੋਈ ਰੂਹ ਦੀ ਆਤਮਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ। ਇਸੇ ਦੌਰਾਨ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮ ਸ੍ਰੀ ਡਾ. ਸੁਰਜੀਤ ਪਾਤਰ ਨੇ ਵੀ ਆਰਟਿਸਟ ਮਲਕੀਅਤ ਦੇ ਤੁਰ ਜਾਣ ਨੂੰ ਕਲਾ ਜਗਤ ਲਈ ਵੱਡਾ ਘਾਟਾ ਦੱਸਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ।