
ਨਵੀਂ ਦਿੱਲੀ, 20 ਨਵੰਬਰ (ਅਮਨਦੀਪ ਸਿੰਘ): ਦੇਸ਼ ਭਰ ਦੇ ਹਜ਼ਾਰਾਂ ਕਿਸਾਨਾਂ ਨੇ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ਤੋਂ ਜੰਤਰ ਮੰਤਰ ਤਕ ਰੋਸ ਮੁਜ਼ਾਹਰਾ ਕਰ ਕੇ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਨੂੰ ਰੋਕਣ ਲਈ ਕਿਸਾਨੀ ਕਰਜ਼ਿਆਂ ਤੋਂ ਮੁਕਤੀ ਦੇਣ ਦੀ ਮੰਗ ਕੀਤੀ। ਪਿੱਛੋਂ ਪਾਰਲੀਮੈਂਟ ਥਾਣੇ ਕੋਲ ਜੰਤਰ-ਮੰਤਰ 'ਤੇ ਔਰਤਾਂ ਦੀ ਪਾਰਲੀਮੈਂਟ ਲਾਈ ਗਈ ਤੇ ਕਿਸਾਨਾਂ ਦੀ ਹਾਲਤ ਬਾਰੇ ਵਿਚਾਰ ਚਰਚਾ ਕੀਤੀ ਗਈ। ਖ਼ੁਦਕੁਸ਼ੀ ਕਰ ਚੁਕੇ ਕਿਸਾਨ ਪਰਵਾਰਾਂ ਦੀਆਂ ਔਰਤਾਂ ਨੇ ਕਿਸਾਨ ਸੰਸਦ ਵਿਚ ਅਪਣੇ ਦੁਖੜੇ ਫਰੋਲੇ। ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀਆਂ ਔਰਤਾਂ ਜਦੋਂ ਅਪਣੀਆਂ ਔਕੜਾਂ ਪੇਸ਼ ਕਰ ਰਹੀਆਂ ਸਨ, ਤਾਂ ਮਾਹੌਲ ਗ਼ਮਗੀਨ ਹੋ ਗਿਆ।ਸਵਰਾਜ ਇੰਡੀਆ ਪਾਰਟੀ ਦੀ ਸਰਪ੍ਰਸਤੀ ਹੇਠ ਦੇਸ਼ ਦੇ 19 ਸੂਬਿਆਂ ਤੋਂ 184 ਕਿਸਾਨ ਜਥੇਬੰਦੀਆਂ ਸਣੇ ਹਜ਼ਾਰਾਂ ਕਿਸਾਨ ਔਰਤਾਂ ਤੇ ਮਰਦ ਮਾਰਚ ਵਿਚ ਸ਼ਾਮਲ ਹੋਏ। ਪੰਜਾਬ, ਹਰਿਆਣਾ, ਉਤਰਾਂਚਲ, ਮੱਧ ਪ੍ਰਦੇਸ਼, ਤਾਮਿਲਨਾਡੂ, ਆਦਿ ਸੂਬਿਆਂ ਤੋਂ ਕਿਸਾਨ ਪੁੱਜੇ ਹੋਏ ਸਨ। ਮੁਹਿੰਮ ਦੇ ਬੁਲਾਰੇ ਨੇ ਦਸਿਆ ਕਿ ਮੱਧ ਪ੍ਰਦੇਸ਼ ਦੇ ਮੰਦਸੌਰ ਸਣੇ ਵੱਖ-ਵੱਖ ਸੂਬਿਆਂ ਤੋਂ 10 ਹਜ਼ਾਰ ਕਿਲੋਮੀਟਰ ਦਾ ਪੰਧ ਤੈਅ ਕਰ ਕੇ, ਇਹ ਯਾਤਰਾ ਅੱਜ ਦਿੱਲੀ ਪੁਜੀ ਹੈ। ਪ੍ਰਸਿੱਧ ਸਮਾਜਕ ਕਾਰਕੁਨ ਮੇਧਾ ਪਾਟੇਕਰ ਦੀ ਅਗਵਾਈ ਵਿਚ ਹੋਈ ਔਰਤਾਂ ਦੀ ਪਾਰਲੀਮੈਂਟ ਵਿਚ ਵਿਚਾਰ ਚਰਚਾ ਪਿੱਛੋਂ ਬਿੱਲ ਪਾਸ ਕਰ ਕੇ, ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਦੇਸ਼ ਭਰ ਦੇ ਕਿਸਾਨਾਂ ਨੂੰ ਕਰਜ਼ਿਆਂ ਤੋਂ ਮੁਕਤੀ ਦਿਤੀ ਜਾਵੇ ਅਤੇ ਕਿਸਾਨਾਂ ਦੀਆਂ ਫ਼ਸਲਾਂ ਲਾਗਤ ਕੀਮਤ ਤੋਂ ਡੇਢ ਗੁਣਾ ਵੱਧ ਤੇ ਸਮਰਥਨ ਮੁਲ ਤੈਅ ਕਰ ਕੇ, ਫ਼ਸਲਾਂ ਦੀ ਖ਼ਰੀਦ ਯਕੀਨੀ ਬਣਾਈ ਜਾਵੇ।ਮੇਧਾ ਪਾਟੇਕਰ ਨੇ ਕਿਹਾ, “ਇਹ ਇਤਿਹਾਸਕ ਮੌਕਾ ਹੈ ਜਦ ਔਰਤਾਂ ਅਪਣੀ ਪਾਰਲੀਮੈਂਟ ਲਾ ਕੇ, ਅਪਣੇ ਮੁੱਦਿਆਂ 'ਤੇ ਚਰਚਾ ਕਰ ਰਹੀਆਂ ਹਨ ਤੇ ਕਿਸਾਨਾਂ, ਕਿਸਾਨ ਮਜ਼ਦੂਰਾਂ, ਆਦਿਵਾਸੀਆਂ, ਬੇਜ਼ਮੀਨੇ ਕਿਸਾਨਾਂ ਆਦਿ ਦੀਆਂ ਔਕੜਾਂ ਦੇ ਹੱਲ ਲਈ ਬਿਲ ਪਾਸ ਕੀਤਾ ਜਾ ਰਿਹਾ ਹੈ। ਸਰਕਾਰ ਨੇ ਨਰਮਦਾ ਘਾਟੀ ਸਣੇ ਦੇਸ਼ ਭਰ ਵਿਚ 10 ਕਰੋੜ ਕਿਸਾਨਾਂ ਨੂੰ ਉਜਾੜਿਆ ਹੈ, ਪਰ ਅੱਜ ਤਕ ਉਨ੍ਹਾਂ ਦਾ ਮੁੜ ਵਸੇਬਾ ਨਹੀਂ ਹੋਇਆ।''
ਜੰਤਰ ਮੰਤਰ 'ਤੇ ਨਰਮਦਾ ਬਚਾਉ ਮੁਹਿੰਮ ਦੀ ਆਗੂ ਤੇ ਪ੍ਰਸਿੱਧ ਸਮਾਜਕ ਕਾਰਕੁਨ ਮੇਧਾ ਪਾਟੇਕਰ ਦੀ ਪ੍ਰਧਾਨਗੀ ਵਿਚ ਕਿਸਾਨਾਂ ਦੀ ਸੰਸਦ ਲਾਈ ਗਈ। ਇਸ ਵਿਚ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨ ਪਰਵਾਰਾਂ ਦੀਆਂ 545 ਔਰਤਾਂ ਅਤੇ ਕਿਸਾਨ ਔਰਤਾਂ ਸ਼ਾਮਲ ਹੋਈਆਂ। ਕਿਸਾਨ ਆਗੂ ਕੁਰੂਘੰਟੀ ਨੇ ਔਰਤ ਕਿਸਾਨਾਂ ਦੀਆਂ ਨੂੰ ਦਰਪੇਸ਼ ਔਕੜਾਂ ਬਾਰੇ ਵਿਚਾਰ ਸਾਂਝੇ ਕੀਤੇ।ਕਿਸਾਨਾਂ ਦੀ ਕਰਜ਼ਾ ਮੁਕਤੀ ਮੁਹਿੰਮ ਦੀ ਅਗਵਾਈ ਕਰ ਰਹੇ ਸਵਰਾਜ ਇੰਡੀਆ ਪਾਰਟੀ ਦੇ ਮੋਢੀ ਆਗੂ ਯੋਗੇਂਦਰ ਯਾਦਵ ਨੇ ਕਿਹਾ, “ਕਿਸਾਨਾਂ ਨੂੰ ਕਰਜ਼ਿਆਂ ਤੋਂ ਮੁਕਤੀ ਦਿਤੀ ਜਾਵੇ ਅਤੇ ਫ਼ਸਲਾਂ ਦੀ ਲਾਗਤ ਤੋਂ ਡੇਢ ਗੁਣਾ ਵੱਧ ਕੀਮਤ ਦਿਤੀ ਜਾਵੇ ਤਾਕਿ ਕਿਸਾਨ ਅਪਣੀ ਹੋਂਦ ਬਚਾ ਸਕਣ।'' ਉਨ੍ਹਾਂ ਮੰਗ ਕੀਤੀ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਕਰਜ਼ਿਆਂ ਤੋਂ ਮੁਕਤੀ ਦੇਣ ਲਈ ਦਖ਼ਲ ਦੇਵੇ, ਜਦੋਂ ਤਕ ਕੇਂਦਰ ਸਰਕਾਰ ਅੱਗੇ ਨਹੀਂ ਆਉਂਦੀ, ਉਦੋਂ ਤਕ ਸੂਬਾ ਸਰਕਾਰਾਂ ਵੀ ਇਸ ਮਸਲੇ ਤੋਂ ਹੱਥ ਪਿਛੇ ਖਿੱਚਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਦੇਸ਼ ਦੀਆਂ 184 ਕਿਸਾਨ ਜਥੇਬੰਦੀਆਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਨੂੰ ਠੱਲ੍ਹ ਪਾਉਣ ਤੇ ਕਿਸਾਨੀ ਕਰਜ਼ਿਆਂ ਤੋਂ ਮੁਕੰਮਲ ਮੁਕਤੀ ਲਈ ਇਤਿਹਾਸਕ ਮਾਰਚ ਵਿਚ ਸ਼ਾਮਲ ਹੋਈਆਂ ਹਨ।ਪੰਜਾਬ ਤੋਂ ਪੁੱਜੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ ) ਦੇ ਪ੍ਰਧਾਨ ਸ. ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਅਪਣੇ ਚੋਣ ਮਨੋਰਥ ਪੱਤਰ ਵਿਚ ਸਮੁੱਚੇ ਤੌਰ 'ਤੇ ਕਿਸਾਨੀ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ ਸੀ, ਪਰ ਸਿਰਫ਼ ਪੰਜਾਬ ਦੇ 10 ਫ਼ੀ ਸਦੀ ਤੋਂ ਵੀ ਘੱਟ ਕਿਸਾਨਾਂ ਦਾ ਕਰਜ਼ਾ ਮਾਫ਼ੀ ਕੀਤਾ ਗਿਆ ਹੈ।