
ਕਾਰਪੋਰੇਸ਼ਨਾਂ ਤੇ ਮਿਊਂਸਪਲ ਕਮੇਟੀ ਚੋਣਾਂ 'ਤੇ ਵਿਚਾਰ ਕੀਤਾ
ਚੰਡੀਗੜ੍ਹ, 9 ਨਵੰਬਰ (ਜੀ.ਸੀ. ਭਾਰਦਵਾਜ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਦੇਰ ਸ਼ਾਮ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਕੈਪਟਨ ਅਮਰਿੰਦਰ ਸਿੰਘ ਨਾਲ ਪੰਜਾਬ ਦੇ ਸਿਆਸੀ ਹਾਲਤ, ਸਰਕਾਰ ਦੀ ਕਾਰਗੁਜ਼ਾਰੀ, ਪਾਰਟੀ ਦੀ ਚੰਗੀ ਭੂਮਿਕਾ, ਵਿਧਾਇਕਾਂ ਦੀਆਂ ਸਮੱਸਿਆਵਾਂ ਅਤੇ ਵਿਸ਼ੇਸ਼ ਕਰ ਕੇ ਚਾਰ ਕਾਰਪੋਰੇਸ਼ਨਾਂ ਤੇ 32 ਮਿਊਂਸਪਲ ਕਮੇਟੀਆਂ ਦੀਆਂ ਚੋਣਾਂ ਬਾਰੇ ਚਰਚਾ ਕੀਤੀ।ਪਾਰਟੀ ਤੇ ਸਰਕਾਰ ਦੇ ਅੰਦਰੂਨੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਲਗਭਗ ਇਕ ਘੰਟਾ ਚਲੀ ਗੱਲਬਾਤ ਦੌਰਾਨ ਕਈ ਤਰ੍ਹਾਂ ਦੇ ਸਿਆਸੀ, ਆਰਥਕ, ਕਾਨੂੰਨ ਤੇ ਵਿਵਸਥਾ ਦੇ ਮਸਲੇ ਵਿਚਾਰਨ ਦੇ ਨਾਲ-ਨਾਲ ਮੰਤਰੀ ਮੰਡਲ ਦੇ ਵਿਸਤਾਰ ਯਾਨੀ 8 ਵਿਧਾਇਕਾਂ ਨੂੰ ਝੰਡੀ ਵਾਲੀਆਂ ਕਾਰਾਂ ਦੇਣ ਬਾਰੇ ਵੀ ਗੁਪਤ ਵਿਚਾਰ ਕੀਤਾ ਗਿਆ। ਸੂਤਰਾਂ ਨੇ ਦਸਿਆ ਕਿ ਲੁਧਿਆਣਾ ਕਾਰਪੋਰੇਸ਼ਨ ਦੀ ਨਵੀਂ ਵਾਰਡਬੰਦੀ ਸਬੰਧੀ ਪਏ ਰੇੜਕੇ ਦਾ ਵੀ ਛੇਤੀ ਹੱਲ ਕੱਢਣ ਬਾਰੇ ਉਥੋਂ ਦੇ ਵਿਧਾਇਕਾਂ, ਮੈਂਬਰ ਲੋਕ ਸਭਾ ਅਤੇ ਕਾਂਗਰਸੀ ਨੇਤਾਵਾਂ ਨੂੰ ਸੰਤੁਸ਼ਟ ਕਰਨ ਬਾਰੇ ਗੰਭੀਰਤਾ ਨਾਲ ਚਰਚਾ ਕੀਤੀ ਗਈ। ਜ਼ਿਕਰਯੋਗ ਹੈ ਕਿ ਕੁੱਝ ਵਾਰਡਾਂ ਨੂੰ ਲੈ ਕੇ ਵਿਰੋਧੀ ਧਿਰ ਦੇ ਵਿਧਾਇਕ ਸਿਮਰਜੀਤ ਬੈਂਸ ਅਤੇ ਬਲਵਿੰਦਰ ਬੈਂਸ ਦਾ ਰਫ਼ੜਾ ਦੂਜੇ ਕਾਂਗਰਸੀ ਵਿਧਾਇਕਾਂ ਅਤੇ ਹਾਰੇ ਹੋਏ ਹੋਰ ਪਾਰਟੀ ਲੀਡਰਾਂ ਨਾਲ ਚੱਲ ਰਿਹਾ ਹੈ। ਕਾਂਗਰਸ ਪਾਰਟੀ ਤੇ ਸਰਕਾਰ ਚਾਹੁੰਦੀ ਹੈ ਕਿ ਚੋਣਾਂ ਦੀ ਤਰੀਕ ਦਾ ਛੇਤੀ ਐਲਾਨ ਕਰ ਦਿਤਾ ਜਾਵੇ ਤਾਕਿ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੇ ਸੰਭਾਵੀ ਮਾੜੇ ਨਤੀਜਿਆਂ ਦਾ ਇੰਤਜ਼ਾਰ ਨਾ ਕੀਤਾ ਜਾਵੇ ਕਿਉਂਕਿ ਚਾਰ ਕਾਰਪੋਰੇਸ਼ਨਾਂ, ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਸਮੇਤ 32 ਹੋਰ ਮਿਊਂਸਪਲ ਕਮੇਟੀਆਂ 'ਤੇ ਕਾਂਗਰਸ ਦਾ ਸੌਖਾ ਕਬਜ਼ਾ ਹੋ ਜਾਵੇਗਾ।
ਹਿਮਾਚਲ ਅਤੇ ਗੁਜਰਾਤ ਦੇ ਨਤੀਜੇ 18 ਦਸੰਬਰ ਨੂੰ ਆਉਣੇ ਹਨ ਅਤੇ ਕਾਂਗਰਸ ਨੂੰ ਵੱਡੀ ਜਿੱਤ ਦੀ ਆਸ ਨਹੀਂ ਹੈ। ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਇਹ ਵੀ ਚਾਹੁੰਦੀ ਹੈ ਕਿ ਗੁਰਦਾਸਪੁਰ ਲੋਕ ਸਭਾ ਦੀ ਸੀਟ ਰੀਕਾਰਡ 1,93,000 ਵੋਟਾਂ ਦੇ ਫ਼ਰਕ ਨਾਲ ਜਿੱਤਣ ਦਾ ਲਾਹਾ, ਪੰਜਾਬ ਦੀਆਂ ਇਨ੍ਹਾਂ ਕਾਰਪੋਰੇਸ਼ਨਾਂ ਅਤੇ ਮਿਊਂਸਪਲ ਕਮੇਟੀਆਂ ਦੀ ਸਫ਼ਲਤਾ ਤੋਂ ਲੈ ਲਵੇ। ਇਹ ਵੀ ਪਤਾ ਲੱਗਾ ਹੈ ਕਿ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਮੰਤਰੀ ਬਨਾਉਣ ਬਾਰੇ ਵੀ ਚਰਚਾ ਕੀਤੀ। ਲਗਦਾ ਹੈ ਕਿ ਗੁਜਰਾਤ ਚੋਣਾਂ ਦੇ ਪ੍ਰਚਾਰ ਤੋਂ ਵਿਹਲੇ ਹੋ ਕੇ ਹਾਈ ਕਮਾਂਡ ਦੇ ਵੱਡੇ ਲੀਡਰ ਰਾਹੁਲ ਤੇ ਸੋਨੀਆ ਗਾਂਧੀ ਨੂੰ ਦਸੰਬਰ ਵਿਚ ਹੀ ਮਿਲਿਆ ਜਾਵੇਗਾ, ਸੰਭਾਵੀ ਮੰਤਰੀਆਂ ਦੀ ਸੂਚੀ ਸਾਹਮਣੇ ਆਵੇਗੀ ਅਤੇ ਆਸ ਹੈ ਕਿ ਜਨਵਰੀ, ਫ਼ਰਵਰੀ ਤਕ ਵਿਸਤਾਰ ਕੀਤਾ ਜਾਵੇਗਾ।