
ਸਮਰਾਲਾ, 3 ਮਾਰਚ (ਜਤਿੰਦਰ ਰਾਜੂ): ਸਮਰਾਲਾ ਦੇ ਅਧੀਨ ਪੈਂਦੇ ਪਿੰਡ ਚਹਿਲਾਂ ਵਿਖੇ ਬੀਤੀ ਰਾਤ ਭੇਤਭਰੇ ਹਲਾਤ ਵਿਚ ਅਣਪਛਾਤੇ ਵਿਅਕਤੀਆਂ ਵਲੋਂ ਪਤੀ ਪਤਨੀ ਸਮੇਤ ਉਨ੍ਹਾਂ ਦੇ ਨੌਜਵਾਨ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ। ਮ੍ਰਿਤਕਾਂ ਦੀ ਪਛਾਣ ਸੁਖਦੇਵ ਸਿੰਘ (50), ਉਸ ਦੀ ਪਤਨੀ ਗੁਰਮੀਤ ਕੌਰ (48) ਤੇ ਉਸ ਦੇ ਲੜਕੇ ਹਰਜੋਤ ਸਿੰਘ (25) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮੂਲ ਰੂਪ ਵਿਚ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਮੀਰਪੁਰ ਦਾ ਰਹਿਣ ਵਾਲਾ ਇਹ ਪਰਵਾਰ ਜ਼ਮੀਨ ਵੇਚ ਕੇ 8 ਮਹੀਨੇ ਪਹਿਲਾਂ ਪਿੰਡ ਚਹਿਲਾਂ ਵਿਖੇ ਕਿਰਾਏ ਦੇ ਮਕਾਨ 'ਤੇ ਰਹਿਣ ਲੱਗ ਪਿਆ। ਜਤਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਕਿ ਉਹ ਦੋਰਾਹਾ ਵਿਖੇ ਇਕ ਹੋਟਲ ਵਿਚ ਕੰਮ ਕਰਦਾ ਹੈ ਤੇ ਸਾਡੇ ਪਰਵਾਰ ਦਾ ਕਿਸੇ ਨਾਲ ਝਗੜਾ ਜਾਂ ਰੰਜ਼ਸ਼ ਆਦਿ ਨਹੀਂ ਸੀ। ਉਸ ਨੇ ਦਸਿਆ ਕਿ ਉਹ ਇਕ ਹਫ਼ਤੇ ਬਾਅਦ ਘਰ ਆਉਂਦਾ ਹੈ ਅਤੇ ਉਸ ਨੂੰ ਮਕਾਨ ਮਾਲਕ ਦਾ ਫ਼ੋਨ ਆਇਆ ਕਿ ਤੁਹਾਡੇ ਘਰ ਦੇ ਦਰਵਾਜ਼ੇ ਖੁਲ੍ਹੇ ਪਏ ਹਨ, ਜਦੋਂ ਉਸ ਨੇ ਅੰਦਰ ਜਾ ਕੇ ਵੇਖਿਆ ਤਾਂ ਪਰਵਾਰ ਦੇ ਮੈਂਬਰਾਂ ਦਾ ਕਤਲ ਕੀਤਾ ਹੋਇਆ ਸੀ ਤੇ ਸਾਰਿਆਂ ਦੇ ਹੱਥ ਪੈਰ ਬੰਨ੍ਹੇ ਹੋਏ ਸਨ।
ਉਨ੍ਹਾਂ ਦੇ ਮੂੰਹਾਂ ਵਿਚ ਰੂੰ ਪਾਈ ਹੋਈ ਸੀ ਅਤੇ ਸਾਰਿਆਂ ਨੂੰ ਕੁਹਾੜੀ ਜਾ ਕਿਸੇ ਹੋਰ ਤਿੱਖੇ ਹਥਿਆਰ ਨਾਲ ਗਲੇ 'ਤੇ ਵਾਰ ਕਰ ਕੇ ਘਟਨਾਂ ਨੂੰ ਅੰਜਾਮ ਦਿਤਾ ਸੀ ਅਤੇ ਸਾਰੇ ਪਰਵਾਰ ਦੀਆਂ ਲਾਸ਼ਾਂ ਖ਼ੂਨ ਨਾਲ ਲੱਥਪੱਥ ਸਨ ਤੇ ਉਨ੍ਹਾਂ ਉੱਪਰ ਕੰਬਲ ਦਿਤੇ ਹੋਏ ਸਨ। ਸਮਰਾਲਾ ਪੁਲਿਸ ਨੂੰ ਇਸ ਘਟਨਾ ਬਾਰੇ ਇਤਲਾਹ ਦਿਤੀ ਗਈ। ਘਟਨਾਂ ਦੀ ਸੂਚਨਾ ਮਿਲਦੇ ਸਾਰ ਹੀ , ਐਸ.ਐਸ.ਪੀ ਖੰਨਾ ਨਵਜੋਤ ਸਿੰਘ ਮਾਹਲ, ਐਸ.ਪੀ ਜਸਵੀਰ ਸਿੰਘ, ਡੀ.ਐਸ.ਪੀ (ਡੀ) ਰਣਜੀਤ ਸਿੰਘ ਬਦੇਸ਼ਾ, ਡੀ.ਐਸ.ਪੀ ਸਮਰਾਲਾ ਹਰਸਿਮਰਤ ਸਿੰਘ ਸ਼ੇਤਰਾ, ਥਾਣਾ ਮੁਖੀ ਭੁਪਿੰਦਰ ਸਿੰਘ ਤੋਂ ਇਲਾਵਾ ਹੋਰ ਪੁਲਿਸ ਕਰਮਚਾਰੀ ਮੌਕੇ 'ਤੇ ਪਹੁੰਚੇ। ਇਸ ਦੌਰਾਨ ਪੁਲਿਸ ਨੇ ਫ਼ਾਰਂੈਸਿਕ ਮਾਹਰਾਂ ਦੀ ਟੀਮ ਤੋਂ ਇਲਾਵਾ ਡਾਗ ਸਕੁਐਡ ਵੀ ਮੌਕੇ 'ਤੇ ਬੁਲਾਇਆ। ਸਥਾਨਕ ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਮੌਤ ਦੇ ਕਾਰਨਾਂ ਬਾਰੇ ਅਜੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ। ਸਥਾਨਕ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਵਿਰੁਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।