
ਅੰਮ੍ਰਿਤਸਰ, 3 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਅੰਮ੍ਰਿਤਸਰ ਦੇ 8 ਨੌਜਵਾਨਾਂ ਦੀ ਇਕ ਸੜਕ ਹਾਦਸੇ 'ਚ ਮੌਤ ਹੋ ਗਈ ਜੋ ਹੋਲੇ ਮਹੱਲੇ ਵਾਲੇ ਦਿਨ ਅਨੰਦਪੁਰ ਸਾਹਿਬ ਤੇ ਮਨੀਕਰਣ ਸਾਹਿਬ ਮੱਥਾ ਟੇਕਣ ਗਏ ਸਨ। ਮ੍ਰਿਤਕਾਂ ਦੀ ਪਛਾਣ ਜਸਬੀਰ ਸਿੰਘ (30), ਗੁਰਵਿੰਦਰ ਸਿੰਘ (36) ਵਾਸੀ ਕਾਲੇ ਘੰਣੁਪੁਰ ਦੋਵੇ ਸਕੇ ਭਰਾ ਤੇ ਮਨਦੀਪ ਸਿੰਘ (28) ਵਾਸੀ ਬੋਪਾਰਾਏ ਕਲਾ ਅਤੇ ਕਵਲਜੀਤ ਸਿੰਘ ਲਵ (28) ਵਾਸੀ ਰਾਜਾਸਾਸੀ ਅਤੇ ਕਵਲਜੀਤ ਸਿੰਘ (18) ਬਾਬਾ ਫ਼ਰੀਦ ਨਗਰ ਪਿੰਡ ਕਾਲੇ ਅਤੇ ਦਵਿੰਦਰ ਸਿੰਘ ਸੋਨੂੰ ਤਕਰੀਬਨ (32) ਪਿੰਡ ਕਾਲੇ, ਬਲਜੀਤ ਸਿੰਘ ਬੱਬੂ (18) ਪਿੰਡ ਕਾਲੇ, ਪ੍ਰਦੀਪ ਸਿੰਘ (20) ਵਾਸੀ ਰਾਜ ਐਵੀਨਿਊ ਪਿੰਡ ਘੰਣੁਪੁਰ ਕਾਲੇ ਵਜੋ ਹੋਈ ਹੈ।ਪਿੰਡ ਕਾਲੇ ਘੰਣੂਪੁਰ 9 ਵਿਅਕਤੀ ਮੰਗਲਵਾਰ ਸਵੇਰੇ ਮਨੀਕਰਣ ਸਾਹਿਬ ਅਤੇ ਤਖ਼ਤ ਸ੍ਰੀ ਅਨੰਦਪਰ ਸਾਹਿਬ ਕੇਸਗੜ੍ਹ ਸਾਹਿਬ ਲਈ ਰਵਾਨਾ ਹੋਏ ਸਨ। ਪਰ ਜਦੋਂ ਨੌਜਵਾਨ ਮਨੀਕਰਨ ਸਾਹਿਬ ਜੀ ਦੇ ਦਰਸ਼ਨ ਕਰ ਕੇ ਵਾਪਸ ਵੀਰਵਾਰ ਨੂੰ ਵਾਪਸੀ ਸ੍ਰੀ ਅਨੰਦਪੁਰ ਸਾਹਿਬ ਦਰਸ਼ਨ ਕਰਨ ਲਈ ਪਰਤ ਰਹੇ ਸਨ 9:30 ਵਜੇ
ਦੇ ਕਰੀਬ ਉਨ੍ਹਾਂ ਦੀ ਇਨੋਵਾ ਗੱਡੀ ਆਸੰਤੁਲਣ ਹੋਣ ਤੇ ਸਵਾਰਘਾਟ (ਬਲਾਸਪੁਰ) ਦੇ ਕੋਲ ਡੂੰਘੀ ਖੱਡ 'ਚ ਜਾ ਡਿੱਗੀ ਤੇ 7 ਨੌਜਵਾਨਾ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਗੰਭੀਰ 2 ਗੱਭਰੂਆਂ ਨੂੰ ਪੁਲਿਸ ਵਲੋਂ ਹਸਪਤਾਲ ਲਿਜਾਇਆ ਜਿਥੇ ਇਕ ਦੀ ਮੌਤ ਹੋ ਗਈ ਅਤੇ ਇਕ ਨੌਜਵਾਨ ਜੋ ਪਿੰਡ ਬੋਪਾਰਾਏ ਕਲਾਂ ਦਾ ਸੰਦੀਪ ਸਿੰਘ ਗੰਭੀਰ ਹਾਲਤ ਵਿਚ ਜ਼ਖ਼ਮੀ ਹੈ। ਘਟਨਾ ਦਾ ਪਤਾ ਲੱਗਣ ਤੇ ਪੀੜਤ ਪਰਵਾਰਾਂ ਨਾਲ ਦੁੱਖ ਸਾਂਝਾ ਕਰਨ ਹਲਕਾ ਵਿਧਾਇਕ ਡਾ ਰਾਜ ਕੁਮਾਰ ਵੇਰਕਾ ਨੇ ਬਿਲਾਸਪੁਰ ਦੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰ ਕੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਤੇ ਪਰਵਾਰਕ ਮੈਂਬਰਾਂ ਨੂੰ ਇਸ ਘਟਨਾ ਬਾਰੇ ਦਸਿਆ। ਡਾ. ਵੇਰਕਾ ਨੇ ਮਰਨ ਵਾਲੇ ਪਰਵਾਰਾਂ ਨੂੰ ਹਿਮਾਚਲ ਸਰਕਾਰ ਵਲੋਂ 4-4 ਲੱਖ ਅਤੇ ਪੰਜਾਬ ਸਰਕਾਰ ਵਲੋਂ 2-2 ਲੱਖ ਦੇਣ ਦਾ ਐਲਾਨ ਕਰਦਿਆਂ 20-20 ਹਜ਼ਾਰ ਮੌਕੇ 'ਤੇ ਪੀੜਤ ਪਰਵਾਰਾਂ ਨੂੰ ਦਿਤੇ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ ਅਤੇ ਹਰਬੀਰ ਸਿੰਘ ਸੰਧੂ ਦਫ਼ਤਰ ਸਕੱਤਰ ਨੇ ਪੀੜਤ ਪਰਵਾਰਾਂ ਨਾਲ ਦੁੱਖ ਸਾਂਝਾ ਕੀਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੰਮ੍ਰਿਤਸਰ ਦੇ ਪਿੰਡ ਕਾਲੇ ਤੋਂ ਮਨੀਕਰਣ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ 'ਤੇ ਗਏ 8 ਨੌਜਵਾਨਾਂ ਦੀ ਦੁਰਘਟਨਾ ਦੌਰਾਨ ਹੋਈ ਮੌਤ 'ਤੇ ਡੂੰਘੇ ਦੁੱਖ ਦਾ ਇਜਹਾਰ ਕੀਤਾ ਹੈ। ਸ਼੍ਰੋਮਣੀ ਕਮੇਟੀ ਇਸ ਦੁਰਘਟਨਾ ਵਿਚ ਮਾਰੇ ਨੌਜਵਾਨਾਂ ਦੇ ਪਰਵਾਰਾਂ ਦੇ ਦੁੱਖ ਵਿਚ ਸ਼ਰੀਕ ਹੈ।