
ਖੰਡਵਾ (ਮਧੱਪ੍ਰਦੇਸ਼): ਜ਼ਿਲ੍ਹਾ ਹੈੱਡਕੁਆਟਰ ਤੋਂ ਲਗਭਗ 18 ਕਿਲੋਮੀਟਰ ਦੂਰ ਅਜੰਟੀ ਪਿੰਡ 'ਚ ਆਈ ਬਰਾਤ ਨੂੰ ਪਹਿਲੇ ਦਿਨ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਅਤੇ ਵਿਆਹ ਦੀਆਂ ਰਸਮਾਂ ਦੂਜੇ ਦਿਨ ਹੀ ਸ਼ੁਰੂ ਹੋ ਸਕੀਆਂ। ਕਾਰਨ ਇਹ ਸੀ ਕਿ ਲਾੜੇ ਨੇ ਵਿਆਹ ਤੋਂ ਪਹਿਲਾਂ ਸ਼ੇਵ ਨਹੀਂ ਕਰਵਾਈ ਸੀ।
ਲਾੜੇ ਦੀ ਦਾੜ੍ਹੀ ਹੋਣ ਕਾਰਨ ਕੁੜੀ ਦੇ ਪਿਤਾ ਨੇ ਵਿਆਹ ਕਰਨ ਤੋਂ ਮਨਾ ਕਰ ਦਿਤਾ। ਸਹੁਰੇ ਨੇ ਲਾੜੇ ਨੂੰ ਸ਼ੇਵਿੰਗ ਕਰਵਾਉਣ ਲਈ ਕਿਹਾ। ਲਾੜੇ ਨੇ ਅਪਣੇ ਪਿਤਾ ਦੇ ਮਿਲਣ ਤਕ ਦਾੜ੍ਹੀ ਨਾ ਬਣਵਾਉਣ ਦੀ ਮੰਨਤ ਰੱਖੀ ਸੀ। ਰਾਤ ਭਰ ਬਰਾਤੀਆਂ ਨੇ ਲਾੜੇ ਨੂੰ ਸਮਝਾਇਆ ਅਤੇ ਜਿਸ ਤੋਂ ਬਾਅਦ ਦੂਜੇ ਦਿਨ ਲਗਨ ਦੀਆਂ ਰਸਮਾਂ ਸ਼ਰੂ ਹੋਈਆਂ।
ਇਹ ਸੀ ਪੂਰਾ ਮਾਮਲਾ
ਅਜੰਟੀ 'ਚ ਸੋਮਵਾਰ ਸ਼ਾਮ ਰਾਧੇਸ਼ਿਆਮ ਜਾਧਵ ਦੀ ਧੀ ਰੂਪਾਲੀ ਦਾ ਵਿਆਹ ਸੀ। ਪਿੰਡ ਦੇ ਨਿਵਾਸੀ ਮਨੋਜ ਧੀਮਾਨ ਨੇ ਦਸਿਆ ਕਿ ਹਰਸੂਦ ਬਲਾਕ ਦੇ ਜੂਨਾਪਾਨੀ ਤੋਂ ਮੰਗਲ ਚੌਹਾਨ ਬਰਾਤ ਲੈ ਕੇ ਪਿੰਡ ਆਇਆ ਸੀ। ਸਹੁਰੇ ਰਾਧੇਸ਼ਿਆਮ ਨੇ ਲਾੜੇ ਨੂੰ ਦਾੜ੍ਹੀ 'ਚ ਦੇਖ ਕੇ ਇਤਰਾਜ਼ ਪ੍ਰਗਟਾਇਆ।
ਉਨ੍ਹਾਂ ਨੇ ਬਿਨਾਂ ਦਾੜ੍ਹੀ ਕਟਾਏ ਵਿਆਹ ਕਰਨ ਤੋਂ ਮਨਾ ਕਰ ਦਿਤਾ। ਲਾੜਾ ਬਣਿਆ ਮੰਗਲ ਸਿੰਘ ਵੀ ਸ਼ੇਵਿੰਗ ਨਾ ਕਰਾਉਣ 'ਤੇ ਅੜ ਗਿਆ। ਸ਼ਾਮ ਛੇ ਵਜੇ ਵਿਆਹ ਦਾ ਮਹੂਰਤ ਨਿਕਲਿਆ ਸੀ। ਦੇਰ ਰਾਤ ਤਕ ਜਦੋਂ ਦੋਹਾਂ ਪੱਖਾਂ 'ਚ ਸਹਿਮਤੀ ਨਾ ਬਣੀ ਤਾਂ ਬਰਾਤ ਵਾਪਸ ਚਲੀ ਗਈ।
ਬਰਾਤ ਪਿੰਡ ਤੋਂ ਬਾਹਰ ਸੜਕ 'ਤੇ ਆ ਗਈ। ਬਜ਼ੁਰਗਾਂ ਅਤੇ ਰਿਸ਼ਤੇਦਾਰਾਂ ਨੇ ਮਾਮਲਾ ਵਿਗੜਦਾ ਦੇਖ ਸਮਝਾਉਣ ਦੀ ਕੋਸ਼ਿਸ਼ ਕੀਤੀ। ਕੁੜੀ ਵਾਲੇ ਸ਼ੇਵਿੰਗ ਕਰਾਉਣ ਤੋਂ ਬਾਅਦ ਹੀ ਵਿਆਹ ਕਰਨ 'ਤੇ ਅੜੇ ਰਹੇ ਅਤੇ ਰਾਤ ਗੁਜ਼ਰਦੀ ਗਈ। ਫਿਰ ਪਿੰਡ ਵਾਲੀਆਂ ਨੇ 100 ਨੰਬਰ 'ਤੇ ਪੁਲਿਸ ਨੂੰ ਬੁਲਾਇਆ।
ਪੁਲਿਸ ਨੇ ਪੂਰੇ ਮਾਮਲੇ ਨੂੰ ਸਮਝਿਆ ਅਤੇ ਦੋਹਾਂ ਪੱਖਾਂ ਨੂੰ ਸਮਝਾਇਆ, ਫਿਰ ਵੀ ਗੱਲ ਨਹੀਂ ਬਣੀ। ਅਗਲੇ ਦਿਨ ਸਵੇਰੇ ਮੁੰਡਾ ਸ਼ੇਵਿੰਗ ਕਰਵਾਉਣ ਲਈ ਤਿਆਰ ਹੋਇਆ ਅਤੇ ਇਸ ਤੋਂ ਬਾਅਦ ਫੇਰੇ ਹੋਏ। ਕੁੜੀ ਵਾਲੀਆਂ ਨੇ ਦਸਿਆ ਕਿ ਇਕ ਮਹੀਨਾ ਪਹਿਲਾਂ ਮੰਗਲ ਚੌਹਾਨ ਆਇਆ ਸੀ ਤਾਂ ਦਾੜ੍ਹੀ ਨਹੀਂ ਸੀ। ਬਰਾਤ ਲੈ ਕੇ ਆਏ ਤਾਂ ਦਾੜ੍ਹੀ ਹੈ। ਕੁੜੀ ਵਾਲਿਆਂ ਨੇ ਦਸਿਆ ਕਿ ਲਾੜੇ ਨੂੰ ਜਦੋਂ ਸ਼ੇਵਿੰਗ ਕਰਾਉਣ ਲਈ ਕਿਹਾ ਤਾਂ ਉਸ ਨੇ ਮਨਾ ਕਰ ਦਿਤਾ, ਜਿਸ ਕਾਰਨ ਵਿਵਾਦ ਵੱਧ ਗਿਆ।
ਮੰਦਰ 'ਚ ਮੁਆਫ਼ੀ ਤੋਂ ਬਾਅਦ ਕਰਵਾਈ ਸ਼ੇਵਿੰਗ
ਲਾੜੇ ਨੂੰ ਸਮਝਾਇਆ ਕਿ ਉਹ ਮੰਦਰ 'ਚ ਮੁਆਫ਼ੀ ਮੰਗ ਕੇ ਮੰਨਤ ਉਤਾਰ ਦੇਵੇ ਅਤੇ ਸ਼ੇਵਿੰਗ ਕਰਾ ਲਵੇ। ਮੁੰਡੇ ਵਾਲਿਆਂ ਨੇ ਦਸਿਆ ਕਿ ਲਾੜਾ ਮੰਗਲ ਚੌਹਾਨ ਦੇ ਪਿਤਾ ਰਾਇਸਿੰਘ ਤਿੰਨ ਸਾਲ ਪਹਿਲਾਂ ਘਰ ਛੱਡ ਕੇ ਚਲੇ ਗਏ ਸਨ ਅਤੇ ਵਾਪਸ ਨਹੀਂ ਆਏ ਸਨ।
ਇਸ ਕਾਰਨ ਮੰਗਲ ਨੇ ਪਿਤਾ ਦੇ ਮਿਲਣ ਤਕ ਦਾੜ੍ਹੀ ਨਾ ਬਣਵਾਉਣ ਦੀ ਮੰਨਤ ਰੱਖ ਲਈ ਸੀ। ਇਸ ਕਾਰਨ ਸ਼ੇਵਿੰਗ ਨਹੀਂ ਕਰਵਾਈ ਸੀ। ਲਾੜਾ ਮੰਗਲ ਅਤੇ ਉਸ ਦਾ ਭਰਾ ਬਿਨਾਂ ਸ਼ੇਵਿੰਗ ਦੇ ਬਰਾਤ ਲੈ ਕੇ ਗਏ ਸਨ।