
ਜੰਮੂ : ਘਾਟੀ ਵਿਚ ਅੱਤਵਾਦੀ ਗਤੀਵਿਧੀਆਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਨਿੱਤ ਦਿਨ ਕੋਈ ਨਾ ਅੱਤਵਾਦੀ ਗਤੀਵਿਧੀ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਅੱਤਵਾਦੀਆਂ ਨੇ ਸ਼੍ਰੀਨਗਰ ਦੇ ਐੈੱਸ.ਐੈੱਮ.ਐੈੱਚ.ਐੈੱਸ. ਹਸਪਤਾਲ ਨੂੰ ਆਪਦਾ ਨਿਸ਼ਾਨਾ ਬਣਾਇਆ ਹੈ।
ਅੱਤਵਾਦੀਆਂ ਨੇ ਹਸਪਤਾਲ 'ਤੇ ਹਮਲਾ ਕਰਕੇ ਪੁਲਸ ਵਾਲਿਆਂ 'ਤੇ ਲਗਾਤਾਰ ਫਾਈਰਿੰਗ ਕੀਤੀ, ਜਿਸ ਦੌਰਾਨ ਇੱਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ ਹੈ ਅਤੇ ਇਕ ਜ਼ਖਮੀ ਹੋਣ ਦੀ ਖ਼ਬਰ ਵੀ ਮਿਲੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ 6 ਅੱਤਵਾਦੀਆਂ ਨੂੰ ਮੈਡੀਕਲ ਚੈੱਕਅੱਪ ਲਈ ਹਸਪਤਾਲ ਲੈ ਕੇ ਗਈ ਸੀ ਕਿ ਇਸੇ ਦੌਰਾਨ ਅੱਤਵਾਦੀਆਂ ਨੇ ਹਸਪਤਾਲ 'ਤੇ ਹਮਲਾ ਕਰ ਦਿੱਤਾ ਅਤੇ 2 ਅੱਤਵਾਦੀ ਹਸਪਤਾਲ 'ਚੋਂ ਫਰਾਰ ਹੋ ਗਏ। ਇਨ੍ਹਾਂ ਵਿਚੋਂ ਇਕ ਪਾਕਿਸਤਾਨੀ ਅੱਤਵਾਦੀ ਨਾਵੇਦ ਜੱਟ ਉਰਫ ਅਬੂ ਹੰਜੁਲਾ ਸੀ, ਜਿਸ ਨੂੰ ਸੁਰੱਖਿਆ ਬਲਾਂ ਨੇ ਕੁਲਗਾਮ ਵਿਚੋਂ ਗ੍ਰਿਫ਼ਤਾਰ ਕੀਤਾ ਸੀ।
ਇਸ ਨਾਲ ਹੀ ਦੂਜਾ ਅੱਤਵਾਦੀ ਡੀ.ਐੈੱਸ.ਪੀ. ਆਯੂਬ ਦੀ ਹੱਤਿਆ 'ਚ ਸ਼ਾਮਲ ਸੀ। ਸੁਰੱਖਿਆ ਬਲਾਂ ਨੇ ਇਸ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਅੱਤਵਾਦੀਆਂ ਦੀ ਭਾਲ ਲਈ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ।