ਕੋਲੰਬੋ : ਦੱਖਣੀ ਅਫਰੀਕਾ ਦੌਰੇ 'ਤੇ ਗਈ ਭਾਰਤੀ ਟੀਮ ਵਲੋਂ ਵਨਡੇ ਤੇ ਟੀ-20 'ਚ ਜਿੱਤ ਦਰਜ਼ ਕਰਨ ਤੋਂ ਬਾਅਦ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਨੌਜਵਾਨ ਭਾਰਤੀ ਟੀਮ ਮੰਗਲਵਾਰ ਨੂੰ ਮੇਜ਼ਬਾਨ ਸ਼੍ਰੀਲੰਕਾ ਵਿਰੁੱਧ ਹੋਣ ਵਾਲੇ ਤਿਕੋਣੀ ਟੀ-20 ਸੀਰੀਜ਼ ਦੇ ਆਪਣੇ ਪਹਿਲੇ ਮੈਚ ਵਿਚ ਜੇਤੂ ਸ਼ੁਰੂਆਤ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗੀ। ਤਿਕੋਣੀ ਸੀਰੀਜ਼ ਵਿਚ ਹਿੱਸਾ ਲੈ ਰਹੀ ਤੀਜੀ ਟੀਮ ਬੰਗਲਾਦੇਸ਼ ਹੈ।
ਦੱਖਣੀ ਅਫਰੀਕਾ ਦੇ ਲੰਬੇ ਦੌਰੇ ਤੋਂ ਬਾਅਦ ਤਿਕੋਣੀ ਟੀ-20 ਸੀਰੀਜ਼ ਲਈ ਕਪਤਾਨ ਵਿਰਾਟ ਕੋਹਲੀ ਤੇ ਮਹਿੰਦਰ ਸਿੰਘ ਧੋਨੀ ਸਮੇਤ ਪ੍ਰਮੁੱਖ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ ਤੇ ਰੋਹਿਤ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ, ਜਦਕਿ ਸ਼ਿਖਰ ਧਵਨ ਸੀਰੀਜ਼ ਵਿਚ ਉਪ- ਕਪਤਾਨ ਹੋਵੇਗਾ। ਭਾਰਤ ਨੂੰ ਸੀਰੀਜ਼ ਦੇ ਆਪਣੇ ਪਹਿਲੇ ਮੈਚ 'ਚ ਪ੍ਰਮੁੱਖ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਆਲਰਾਊਂਡਰ ਹਾਰਦਿਕ ਪੰਡਯਾ ਤੇ ਸਪਿਨਰ ਕੁਲਦੀਪ ਯਾਦਵ ਤੋਂ ਬਿਨਾਂ ਮੈਦਾਨ 'ਤੇ ਉਤਰਨਾ ਪਵੇਗਾ।
ਜਿਸ ਨਾਲ ਰੋਹਿਤ ਲਈ ਟੀਮ ਸੰਯੋਜਨ ਤੈਅ ਕਰਨਾ ਚੁਣੌਤੀ ਹੋਵੇਗੀ। ਹਾਲਾਂਕਿ ਅਜਿਹੀ ਸਥਿਤੀ 'ਚ ਵਿਕਟੀਕਪਰ ਰਿਸ਼ਭ ਪੰਤ, ਆਲਰਾਊਂਡਰ ਵਿਜੇ ਸ਼ੰਕਰ ਤੇ ਵਾਸ਼ਿੰਗਟਨ ਸੁੰਦਰ, ਬੱਲੇਬਾਜ਼ ਦੀਪਕ ਹੁੱਡਾ ਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਕੋਲ ਸੀਰੀਜ਼ ਵਿਚ ਖੁਦ ਨੂੰ ਸਾਬਤ ਕਰਨ ਦਾ ਮੌਕਾ ਹੋਵੇਗਾ। ਇਸ ਤੋਂ ਇਲਾਵਾ ਕਰੀਬ ਇਕ ਸਾਲ ਬਾਅਦ ਟੀਮ ਵਿਚ ਪਰਤ ਰਹੇ ਤੇ ਦੱਖਣੀ ਅਫਰੀਕਾ ਵਿਰੁੱਧ ਟੀ-20 ਸੀਰੀਜ਼ ਦਾ ਹਿੱਸਾ ਰਹੇ ਸੁਰੇਸ਼ ਰੈਨਾ 'ਤੇ ਵੀ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ।
ਰੈਨਾ ਇਸ ਦੌਰੇ 'ਤੇ ਚੰਗਾ ਪ੍ਰਦਰਸ਼ਨ ਕਰ ਕੇ ਵਨ ਡੇ ਟੀਮ ਵਿਚ ਆਪਣੀ ਜਗ੍ਹਾ ਤੈਅ ਕਰਨਾ ਚਾਹੇਗਾ। ਟੀ-20 ਰੈਂਕਿੰਗ ਵਿਚ ਤੀਜੇ ਨੰਬਰ 'ਤੇ ਕਾਬਜ਼ ਭਾਰਤ ਨੇ ਹਾਲ ਹੀ ਵਿਚ ਦੱਖਣੀ ਅਫਰੀਕਾ ਦੌਰੇ 'ਤੇ ਵਨ ਡੇ 5-1 ਨਾਲ ਤੇ ਟੀ-20 ਸੀਰੀਜ਼ 2-1 ਨਾਲ ਜਿੱਤ ਕੇ ਇਤਿਹਾਸ ਰਚਿਆ ਹੈ। ਭਾਰਤ ਨੇ 25 ਸਾਲ ਬਾਅਦ ਦੱਖਣੀ ਅਫਰੀਕਾ ਦੀ ਧਰਤੀ 'ਤੇ ਕੋਈ ਦੋ-ਪੱਖੀ ਸੀਰੀਜ਼ ਜਿੱਤੀ ਹੈ, ਇਸ ਨਾਲ ਟੀਮ ਦਾ ਮਨੋਬਲ ਕਾਫੀ ਉੱਚਾ ਹੈ ਅਤੇ ਭਾਰਤੀ ਟੀਮ ਚਾਹੇਗੀ ਕਿ ਉਹ ਆਪਣੇ ਇਸ ਪ੍ਰਦਰਸਨ ਤੇ ਲੈਅ ਨੂੰ ਇਥੇ ਵੀ ਬਰਕਰਾਰ ਰੱਖੇ।
end-of