1500 ਕਰੋੜ ਦਾ ਘਪਲਾ: ਕੰਪਨੀ ਦੇ 6 ਹੋਰ ਮੁੱਖ ਏਜੰਟ ਕਾਬੂ

ਚੰਡੀਗੜ੍ਹ

ਐਸ.ਏ.ਐਸ. ਨਗਰ, 26 ਦਸੰਬਰ (ਗੁਰਮੁਖ ਵਾਲੀਆ) :1500 ਕਰੋੜ ਦੇ ਚਿਟ ਫ਼ੰਡ ਕੰਪਨੀ ਕਰਾਉੂਨ ਘੁਟਾਲੇ ਵਿਚ ਸਟੇਟ ਜਾਂਚ ਬਿਊਰੋ ਦੇ ਇੰਚਾਰਜ ਇੰਸਪੈਕਟਰ ਕੁਲਵੰਤ ਸਿੰਘ ਦੀ ਅਗਵਾਈ ਵਿਚ ਬੀਤੀ ਰਾਤ ਫੜੇ ਗਏ ਕੰਪਨੀ ਦੇ ਮੁੱਖ 6 ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਨੂੰ ਉਨ੍ਹਾਂ ਦੇ ਪੁਰਾਣੇ ਸਾਥੀਆਂ ਰਾਮ ਸਿੰਘ ਅਤੇ ਹਰਵਿੰਦਰ ਸਿੰਘ ਜੋ ਪਹਿਲਾਂ ਹੀ ਰੀਮਾਂਡ 'ਤੇ ਚੱਲ ਰਹੇ ਸਨ। ਅੱਜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਇਨ੍ਹਾਂ ਅੱਠ ਮੁਲਜ਼ਮਾਂ ਨੂੰ 3 ਦਿਨਾਂ ਪੁਲਿਸ ਰੀਮਾਂਡ ਤੇ ਭੇਜ ਦਿਤਾ। ਸਟੇਟ ਕ੍ਰਾਈਮ ਬ੍ਰਾਂਚ ਦੇ ਬੁਲਾਰੇ ਨੇ ਦਸਿਆ ਕਿ ਫੜੇ ਗਏ ਏਜੰਟਾਂ ਦੀ ਪਛਾਣ ਬੇਅੰਤ ਸਿੰਘ, ਭਗਵੰਤ ਸਿੰਘ, ਬਲਬੀਰ ਸਿੰਘ, ਮਿੱਠੂ ਸਿੰਘ, ਲਲਿਤ ਕਮਾਰ, ਪ੍ਰਦੀਪ ਸਿੰਘ ਵਲੋਂ ਹੋਈ ਹੈ। ਇਹ ਏਜੰਟ ਲੋਕਾਂ ਨੂੰ ਪੈਸਾ ਦੁਗਣਾ ਕਰਨ ਦਾ ਲਾਲਚ ਦੇ ਕੇ ਕੰਪਨੀ ਵਿਚ ਪੈਸਾ ਜਮ੍ਹਾਂ ਕਰਵਾ ਦਿੰਦੇ ਸਨ। ਜਾਣਕਾਰੀ ਅਨੁਸਾਰ ਡਾਇਰੈਕਟਰ ਜਨਰਲ ਪੁਲਿਸ/ਸਟੇਟ ਕਰਾਈਮ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਰੈਡਿਟ ਕੋਆਪਰੇਟਿਵ ਅਤੇ ਉਸ ਦੀਆਂ ਹੋਰ ਭਾਈਵਾਲ ਕੰਪਨੀਆਂ ਵਿਰੁਧ ਵੱਡੇ ਪੱਧਰ 'ਤੇ ਠੱਗੀ ਮਾਰਨ ਦੀਆਂ ਸ਼ਿਕਾਇਤਾਂ ਮਿਲੀਆਂ ਸਨ। 

ਇਨ੍ਹਾਂ ਸ਼ਿਕਾਇਤਾਂ ਦੀ ਪੜਤਾਲ ਲਈ ਡੀ.ਆਈ.ਜੀ. ਕਰਾਇਮ ਜਸਕਰਨ ਸਿੰਘ, ਸੁਸ਼ੀਲ ਕੁਮਾਰ ਐਸ.ਪੀ. ਕਰਾਈਮ ਅਤੇ ਹਰਪ੍ਰੀਤ ਸਿੰਘ ਐਸ.ਪੀ. ਬਰਨਾਲਾ ਦੀ ਸਾਂਝੀ ਪੜਤਾਲੀਆ ਟੀਮ (ਸਿੱਟ) ਬਣਾਈ ਗਈ ਹੈ। ਉਕਤ ਪੜਤਾਲੀਆ ਟੀਮ ਕੋਲ ਕਰੀਬ 460 ਦੇ ਕਰੀਬ ਉਕਤ ਕੰਪਨੀ ਅਤੇ ਉਸ ਦੀਆਂ ਭਾਈਵਾਲ ਕੰਪਨੀਆਂ ਵਿਰੁਧ ਸ਼ਿਕਾਇਤਾਂ ਮਿਲੀਆਂ ਸਨ। ਪੁਲਿਸ ਨੇ ਜਾਂਚ 'ਚ ਪਾਇਆ ਕਿ ਗੋਰਖ ਧੰਦੇ 'ਚ ਪੈਸੇ ਇਨਵੈਸਟ ਕਰਵਾਉਣ ਵਾਲੇ ਏਜੰਟ, ਕਰਾਊਨ ਕਰੈਡਿਟ ਕੰਪਨੀ ਦੇ ਐਮ.ਡੀ. ਜਗਜੀਤ ਸਿੰਘ, ਡਾਇਰੈਕਟਰ ਅਤੇ ਏਜੰਟ ਸ਼ਾਮਲ ਹਨ। ਪੁਲਿਸ ਮੁਤਾਬਕ ਉਕਤ ਕੰਪਨੀ ਦੇ ਪ੍ਰਬੰਧਕਾਂ ਅਤੇ ਏਜੰਟਾ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਭੋਲੇ-ਭਾਲੇ ਲੋਕਾਂ ਤੋਂ ਕਰੋੜਾਂ ਰੁਪਏ ਇਕੱਠੇ ਕੀਤੇ ਹਨ ਅਤੇ ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਕਤ ਕੰਪਨੀਆਂ ਹੋਰ ਕੰਪਨੀਆਂ ਦੇ ਨਾਂ 'ਤੇ ਅਜੇ ਵੀ ਗੁਪਤ ਤੌਰ 'ਤੇ ਅਪਣਾ ਗੋਰਖ ਧੰਦਾ ਚਲਾ ਰਹੀਆਂ ਹਨ।