3000 ਤੋਂ ਵੱਧ ਭਗੌੜਿਆਂ ਦੀ ਭਾਲ 'ਚ ਚੰਡੀਗੜ੍ਹ ਪੁਲਿਸ

ਚੰਡੀਗੜ੍ਹ, ਚੰਡੀਗੜ੍ਹ


ਚੰਡੀਗੜ੍ਹ, 10 ਦਸੰਬਰ (ਤਰੁਣ ਭਜਨੀ) : ਚੰਡੀਗੜ੍ਹ 'ਚ ਜਿਥੇ ਇਕ ਪਾਸੇ ਅਪਰਾਧ ਵਧ ਰਿਹਾ ਹੈ, ਉਥੇ ਹੀ ਸ਼ਹਿਰ 'ਚ ਅਪਰਾਧ ਕਰ ਕੇ ਭੱਜਣ ਵਾਲਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਪਿਛਲੇ ਕੁੱਝ ਸਾਲਾਂ ਤੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਲੋਂ ਸੈਕੜਾਂ ਹੀ ਅਪਰਾਧੀਆਂ ਨੂੰ ਭਗੌੜਾ (ਪ੍ਰੋਕਲੇਮਡ ਉਫੈਂਡਰ) (ਪੀਓ) ਐਲਾਨਿਆ ਜਾ ਚੁਕਾ ਹੈ, ਪਰ ਹਾਲੇ ਤਕ ਇਹ ਭਗੌੜੇ ਪੁਲੀਸ ਹੱਥੇ ਨਹੀਂ ਚੜ੍ਹ ਸਕੇ ਹਨ। ਕੁੱਝ ਸਮਾਂ ਪਹਿਲਾਂ ਚੰਡੀਗੜ੍ਹ ਵਿਚ ਪੁਲਿਸ ਥਾਣਿਆਂ ਦੀ ਗਿਣਤੀ 16 ਕੀਤੀ ਗਈ ਹੈ। ਇਨ੍ਹਾਂ 16 ਥਾਣਿਆਂ ਵਿਚ ਦਰਜ ਮਾਮਲਿਆਂ ਵਿਚ 3000 ਤੋਂ ਵੀ ਵਧ ਭਗੌੜੇ ਹਨ। ਚੰਡੀਗੜ੍ਹ ਪੁਲਿਸ ਤੋਂ ਮਿਲੇ ਅੰਕੜਿਆਂ ਮੁਤਾਬਕ ਹਾਲੇ ਤਕ ਇਨ੍ਹਾਂ ਭਗੌੜਿਆਂ ਨੂੰ ਫੜਿਆ ਨਹੀਂ ਗਿਆ ਹੈ, ਜਿਸ ਵਿਚ ਕਈ ਅਸਰ ਰਸੂਖ਼ ਰੱਖਣ ਵਾਲੇ (ਹਾਈ ਪ੍ਰੋਫ਼ਾਇਲ) ਮਾਮਲੇ ਵੀ ਸ਼ਾਮਲ ਹਨ, ਜਿਨ੍ਹਾਂ ਵਿਚ ਪੁਲਿਸ ਨੂੰ ਮੁਲਜ਼ਮਾਂ ਦੀ ਭਾਲ ਹੈ। ਇਸੇ ਸਾਲ ਫ਼ਰਵਰੀ ਵਿਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭਦਰ ਸਿੰਘ ਦੇ ਰਿਸ਼ਤੇਦਾਰ ਅਕਾਸ਼ ਸੈਨ ਹਤਿਆ ਮਾਮਲੇ ਵਿਚ ਪੁਲਿਸ ਨੂੰ ਹਾਲੇ ਵੀ ਬਲਰਾਜ ਸਿੰਘ ਰੰਧਾਵਾ ਨਾਮ ਦੇ ਮੁਲਜ਼ਮ ਦੀ ਭਾਲ ਹੈ। ਅਦਾਲਤ ਇਸ ਮਾਮਲੇ ਵਿਚ ਬਲਰਾਜ ਰੰਧਾਵਾ ਨੂੰ ਭਗੌੜਾ ਐਲਾਨ ਕਰ ਚੁਕੀ ਹੈ। ਦਸਿਆ ਜਾ ਰਿਹਾ ਹੈ ਕਿ ਬਲਰਾਜ ਰੰਧਾਵਾ ਵਿਦੇਸ਼ ਫ਼ਰਾਰ ਹੋ ਚੁਕਾ ਹੈ। ਇਸੇ ਤਰ੍ਹਾਂ ਕਈ ਹੋਰ ਮਾਮਲੇ ਵੀ ਹਨ, ਜਿਨ੍ਹਾਂ ਵਿਚ ਭਗੌੜੇ ਪੁਲਿਸ ਹੱਥੇ ਨਹੀਂ ਚੜ੍ਹ ਸਕੇ ਹਨ।ਇਨ੍ਹਾਂ ਭਗੌੜਿਆਂ ਵਿਚ ਔਰਤਾਂ ਵੀ ਸ਼ਾਮਲ ਹਨ। ਜ਼ਿਆਦਾਤਰ ਮਾਮਲੇ ਧੋਖਾਧੜੀ, ਚੋਰੀ ਦੇ ਦਰਜ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਨਾ ਹੋਣ 'ਤੇ ਅਦਾਲਤ ਵਲੋਂ ਭਗੌੜਾ ਐਲਾਨਿਆ ਜਾ ਚੁਕਾ ਹੈ। ਹਾਲਾਂਕਿ ਚੰਡੀਗੜ੍ਹ ਪੁਲਿਸ ਵਲੋਂ ਇਨ੍ਹਾਂ ਭਗੌੜਿਆਂ ਨੂੰ ਕਾਬੂ ਕਰਨ ਲਈ ਸੈਕਟਰ 17 ਵਿਚ ਇਕ ਵੱਖਰਾ ਪੀਓ ਅਤੇ ਸੰਮਨ ਸੈਲ ਬਣਾਇਆ ਗਿਆ ਹੈ, ਪਰ ਪੁਲਿਸ ਹਾਲੇ ਤਕ ਭਗੌੜਿਆਂ ਨੂੰ ਫੜਣ ਵਿਚ ਬਹੁਤੀ ਕਾਮਯਾਬ ਨਹੀਂ ਹੋਈ ਹੈ। ਸਾਲ 1994 ਵਿਚ ਅਦਾਲਤ ਵਲੋਂ ਭਗੌੜਾ ਐਲਾਨੇ ਗਏ ਮਨੀਮਾਜਰਾ ਵਾਸੀ ਅਵਤਾਰ ਸਿੰਘ ਨੂੰ ਪੁਲਿਸ ਹਾਲੇ ਤਕ ਫੜ ਨਹੀਂ ਸਕੀ ਹੈ। ਇਹ ਕੇਵਲ ਇਕ ਮਾਮਲਾ ਨਹੀਂ ਹੈ ਅਜਿਹੇ ਕਈ ਭਗੌੜੇ ਹਨ, ਜੋ ਕਈ ਸਾਲਾਂ ਤੋਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਸੂਤਰ ਦਸਦੇ ਹਨ ਕਿ ਚੰਡੀਗੜ੍ਹ ਪੁਲਿਸ ਨੇ ਇਹ ਸੈਲ ਤਾਂ ਤਿਆਰ ਕਰ ਦਿਤਾ ਹੈ ਪਰ ਇਥੇ ਪੁਲਿਸ ਕਰਮਚਾਰੀਆਂ ਦੀ ਘਾਟ ਕਾਰਨ ਵੀ ਕੰਮ ਸਿਰੇ ਨਹੀਂ ਚੜ੍ਹਦਾ ਹੈ, ਕਿਉਂਕਿ ਇਨ੍ਹਾਂ ਭਗੌੜਿਆਂ ਨੂੰ ਕਾਬੂ ਕਰਨਾ ਸੋਖਾ ਕੰਮ ਨਹੀਂ ਹੈ। ਜ਼ਿਆਦਾਤਰ ਭਗੌੜੇ ਸ਼ਹਿਰ ਛੱਡ ਚੁਕੇ ਹਨ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਗੌੜਿਆਂ ਨੂੰ ਫੜਣ ਲਈ ਪੁਲਿਸ ਕੰਮ ਕਰ ਰਹੀ ਹੈ। ਪਿਛਲੇ ਕੱਝ ਸਮੇਂ ਵਿਚ ਪੁਲਿਸ ਨੇ ਕਈ ਭਗੌੜਿਆਂ ਨੂੰ ਫੜ ਕੇ ਅਦਾਲਤ ਵਿਚ ਪੇਸ਼ ਕੀਤਾ ਹੈ।