ਚੰਡੀਗੜ੍ਹ, 29 ਨਵੰਬਰ (ਬਠਲਾਣਾ) : ਪੰਜਾਬ ਯੂਨੀਵਰਸਟੀ ਦੇ ਪੰਜਾਬੀ ਵਿਭਾਗ ਵਲੋਂ ਤਿਆਰ ਕੀਤਾ ਜਾ ਰਿਹਾ ਹੈ ਨਵਾਂ ਸ਼ਬਦਕੋਸ਼ ਛੇਤੀ ਹੀ ਪਾਠਕਾਂ ਦੀ ਕਚਹਿਰੀ 'ਚ ਆ ਸਕਦਾ ਹੈ। ਲਗਭਗ 40 ਸਾਲਾਂ ਦੇ ਲੰਮੇ ਵਕਫ਼ੇ ਮਗਰੋਂ 600 ਪੰਨਿਆਂ ਦੇ ਇਸ ਸ਼ਬਦਕੋਸ਼ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪੰਜਾਬੀ ਤੋਂ ਅੰਗਰੇਜ਼ੀ 'ਚ ਹੋਵੇਗਾ। ਇਸ ਤੋਂ ਪਹਿਲਾਂ ਵਿਭਾਗ ਅਧੀਨ ਚਲ ਰਹੇ ਕੋਸ਼ਕਾਰੀ ਵਿਭਾਗ ਨੇ ਸਾਲ 1979 ਵਿਚ ਅੰਗਰੇਜ਼ੀ ਤੋਂ ਪੰਜਾਬੀ ਦਾ ਸ਼ਬਦਕੋਸ਼ ਛਾਪਿਆ ਸੀ, ਜਿਸ ਦੇ ਪਹਿਲੇ ਐਡੀਸ਼ਨ ਦੀਆਂ 10 ਹਜ਼ਾਰ ਕਾਪੀਆਂ ਛਾਪੀਆਂ ਸਨ। ਬਾਅਦ ਵਿਚ ਸਾਲ 1990 ਵਿਚ 7 ਹਜ਼ਾਰ, ਸਾਲ 2010 ਵਿਚ 1100 ਕਾਪੀਆਂ ਛਾਪੀਆਂ ਗਈਆਂ। ਬਾਅਦ ਵਿਚ ਵੀ ਇਸ ਦੇ ਦੋ ਹੋਰ ਐਡੀਸ਼ਨ ਛਾਪੇ ਜਾਣੇ ਦੀ ਸੂਚਨਾ ਹੈ। ਇਸ ਸ਼ਬਦਕੋਸ਼ ਨੂੰ ਉਸ ਸਮੇਂ ਦੇ ਮਸ਼ਹੂਰ ਭਾਸ਼ਾ ਵਿਗਿਆਨੀ ਡਾ. ਬਲਬੀਰ ਸਿੰਘ ਸੰਧੂ, ਡਾ. ਅਤਰ ਸਿੰਘ, ਡਾ. ਬਖਸ਼ੀਸ਼ ਸਿੰਘ ਅਤੇ ਡਾ. ਓ.ਪੀ. ਵਸ਼ਿਸ਼ਟ ਦੇ ਸਹਿਯੋਗ ਨਾਲ ਛਾਪਿਆ ਗਿਆ। ਇਸ ਸ਼ਬਦਕੋਸ਼ ਦੇ 1400 ਪੰਨੇ ਹਨ। ਦੇਰੀ ਕਿਉਂ? : ਸ਼ਬਦਕੋਸ਼ 'ਚ ਦੇਰੀ ਬਾਰੇ ਜਦ ਪੰਜਾਬੀ ਵਿਭਾਗ ਦੇ ਮੌਜੂਦਾ ਮੁਖੀ ਪ੍ਰੋ. ਯੋਗਰਾਜ ਅੰਗਰੀਸ਼ ਨਾਲ ਮੁਲਾਕਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਸਟਾਫ਼ ਦੀ ਕਮੀ, ਪੈਸੇ ਦੀ ਕਮੀ ਵੱਡੇ ਕਾਰਨ ਹਨ ਕਿਉਂਕਿ ਸ਼ਬਦਕੋਸ਼ ਵਿਭਾਗ ਵਿਚ ਇਸ ਵੇਲੇ ਦੋ ਹੀ ਅਧਿਆਪਕ ਹਨ- ਡਾ. ਊਮਾ ਸੇਠੀ ਅਤੇ ਡਾ. ਇਕਵਿੰਦਰ ਕੌਰ ਪਰ ਹੁਣ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਅਗਲੇ ਸਾਲ ਤਕ ਇਸ ਨੂੰ ਮੁਕੰਮਲ ਕੀਤਾ ਜਾਵੇਗਾ। ਇਸ ਵੇਲੇ ਕਿਸੇ ਮਾਹਰ ਭਾਸ਼ਾ ਵਿਗਿਆਨੀ ਕੋਲੋਂ ਇਸ ਦੀ ਸੁੱਧੀ ਕਰਾਉਣੀ ਹੈ। ਉਹ ਇਸ ਦੀਆਂ 5 ਹਜ਼ਾਰ ਕਾਪੀਆਂ ਛਪਾਉਣ ਦੀ ਕੋਸ਼ਿਸ਼ ਕਰਨਗੇ ਅਤੇ ਕੁਲ ਲਾਗਤ 2.50 ਲੱਖ ਰੁਪਏ ਤਕ ਹੋਣ ਦੀ ਸੰਭਾਵਨਾ ਹੈ। ਪ੍ਰੋ. ਯੋਗਰਾਜ ਨੇ ਦਾਅਵਾ ਕੀਤਾ ਕਿ ਭਾਵੇਂ ਸ਼ਬਦਕੋਸ਼ ਲੰਮੇ ਅਰਸ਼ੇ ਮਗਰੋਂ ਜ਼ਰੂਰ ਆ ਰਿਹਾ ਹੈ ਪਰ ਇਹ ਮਾਅਰਕੇ ਦਾ ਹੋਵੇਗਾ। 40 ਸਾਲਾਂ ਬਾਅਦ ਯੂਨੀਵਰਸਟੀ ਦਾ ਪੰਜਾਬੀ ਸ਼ਬਦਕੋਸ਼ ਛੇਤੀ ਆਵੇਗਾ ਸਾਹਮਣੇਪੰਜਾਬ ਯੂਨੀਵਰਸਟੀ ਦੇ ਸ਼ਾਮ-ਕਾਲੀਨ ਵਿਭਾਗ ਦੇ ਮੁਖੀ ਪ੍ਰੋ. ਗੁਰਪਾਲ ਸਿੰਘ ਸੰਧੂ ਨੇ ਕਿਹਾ ਕਿ ਜੇ ਨਵਾਂ ਸ਼ਬਦਕੋਸ਼ ਤਿਆਰ ਹੁੰਦਾ ਹੈ ਤਾਂ ਇਹ ਚੰਗੀ ਗੱਲ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸ਼ਬਦਕੋਸ਼ ਯੂਨੀਵਰਸਟੀ ਨੂੰ ਅਪਣੇ ਸਾਧਨਾਂ ਤੋਂ ਛਪਾਉਣਾ ਚਾਹੀਦਾ ਹੈ ਤਾਂ ਹੀ ਉਹ ਇਸ ਬਾਰੇ ਕੋਈ ਦਾਅਵਾ ਕਰ ਸਕਦੀ ਹੈ ਕਿਉਂਕਿ ਸਾਲ 1979 ਵਿਚ ਛਪੇ ਸ਼ਬਦਕੋਸ਼ ਨੂੰ ਵੀ ਪੰਜਾਬੀ ਸਰਕਾਰ ਅਧੀਨ ਚਲ ਰਹੇ ਟੈਕਸਟ ਬੁਕ ਬੋਰਡ ਨੇ ਛਪਵਾਇਆ ਸੀ, ਉਸੇ ਨੂੰ ਆਧਾਰ ਬਣਾ ਕੇ ਨਵਾਂ ਸ਼ਬਦਕੋਸ਼ ਤਿਆਰ ਕੀਤਾ ਜਾ ਰਿਹਾ ਹੈ। ਜਦ ਕੇਸਕਾਰੀ ਵਿਭਾਗ ਦਾ ਮੁਖੀ, ਜਿਸ ਨੇ ਇਹ ਸ਼ਬਦਕੋਸ਼ ਤਿਆਰ ਕਰਾਉਣ ਦੀ ਜ਼ਿੰਮੇਵਾਰੀ ਲਈ ਹੈ, ਊਮਾ ਸੇਠੀ ਨੇ ਦਸਿਆ ਕਿ ਸਟਾਫ਼ ਦੀ ਕਮੀ ਕਰ ਕੇ ਦੇਰੀ ਹੋਈ ਹੈ, ਕਿਸੇ ਸਮੇਂ ਵਿਭਾਗ ਵਿਚ 9 ਅਧਿਆਪਕ ਸਨ, ਹੁਣ ਸਿਰਫ਼ ਦੋ ਰਹਿ ਗਏ ਹਨ। ਦੂਜਾ ਇਹ ਕੰਮ ਬਹੁਤ ਬਰੀਕੀ ਦਾ ਹੈ। ਉਨ੍ਹਾਂ ਦਸਿਆ ਕਿ ਸਾਲ 2018 ਵਿਚ ਇਸ ਦੇ ਤਿਆਰ ਹੋਣ ਦੀ ਸੰਭਾਵਨਾ ਹੈ ਕਿਉਂਕਿ ਸਾਰਾ ਕੰਮ ਤਿਆਰ ਹੈ, ਸਿਰਫ਼ ਕਿਸੇ ਮਾਹਰ ਭਾਸ਼ਾ ਵਿਗਿਆਨੀ ਕੋਲੋਂ ਸੁੱਧੀ ਕਰਾਉਣੀ ਬਾਕੀ ਹੈ।