ਚੰਡੀਗੜ੍ਹ, 6 ਦਸੰਬਰ (ਤਰੁਣ ਭਜਨੀ): ਚੰਡੀਗੜ੍ਹ ਵਰਗੇ ਖ਼ੁਬਸੂਰਤ ਸ਼ਹਿਰ ਵਿਚ ਔਰਤਾਂ ਵਿਰੁਧ ਅਪਰਾਧਕ ਵਾਰਦਾਤਾਂ ਵਿਚ ਵਾਧਾ ਹੋਇਆ ਹੈ। ਔਰਤਾਂ ਨਾਲ ਛੇੜਛਾੜ ਅਤੇ ਬਲਾਤਕਾਰ ਵਰਗੀਆਂ ਘਿਨੋਣੀ ਹਰਕਤਾਂ ਕਾਰਨ ਚੰਡੀਗੜ੍ਹ ਦਾ ਅਕਸ ਪਿਛਲੇ ਕੁੱਝ ਸਮੇਂ ਤੋਂ ਪੂਰੇ ਦੇਸ਼ ਵਿਚ ਖ਼ਰਾਬ ਹੋਇਆ ਹੈ। ਚੰਡੀਗੜ੍ਹ ਪੁਲਿਸ ਤੋਂ ਮਿਲੇ ਅੰਕੜਿਆਂ 'ਤੇ ਜੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਸਾਲ 2015 ਸ਼ਹਿਰ ਵਿਚ ਬਲਾਤਕਾਰ ਦੀ ਧਾਰਾ 376 ਤਹਿਤ 78 ਮਾਮਲੇ ਦਰਜ ਕੀਤੇ ਗਏ ਸਨ। ਸਾਲ 2016 ਵਿਚ ਵੀ ਇਹ ਗਿਣਤੀ ਲਗਭਗ ਬਰਾਬਰ ਹੀ ਰਹੀ ਅਤੇ ਕੁਲ 72 ਮਾਮਲੇ ਦਰਜ ਕੀਤੇ ਗਏ। ਚਾਲੂ ਸਾਲ 2017 ਦੀ ਗੱਲ ਕਰੀਏ ਤਾਂ 30 ਸਤੰਬਰ ਤਕ 49 ਮਾਮਲੇ ਬਲਾਤਕਾਰ ਦੇ ਦਰਜ ਕੀਤੇ ਜਾ ਚੁਕੇ ਹਨ। ਹਾਲਾਂਕਿ ਇਸ ਤੋਂ ਬਾਅਦ ਵੀ ਕੁੱਝ ਅਜਿਹੇ ਮਾਮਲੇ ਸਾਹਮਣੇ ਆਏ ਜਿਸ ਵਿਚ ਸ਼ਹਿਰ ਨੂੰ ਸ਼ਰਮਸ਼ਾਰ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਗਈ।ਹਾਲ ਹੀ ਵਿਚ ਨੈਸ਼ਨਲ ਕਰਾਈਮ ਰੀਪੋਰਟ ਬਿਊਰੋ (ਐਨ.ਸੀ.ਆਰ.ਬੀ.) ਵਲੋਂ ਸਾਲ 2016 ਦੀ ਜਾਰੀ ਕੀਤੀ ਗਈ ਤਾਜ਼ਾ ਕਰਾਈਮ ਰੀਪੋਰਟ ਵਿਚ ਦਸਿਆ ਗਿਆ ਹੈ ਕਿ ਸ਼ਹਿਰ ਵਿਚ ਦਰਜ ਹੋਣ ਵਾਲੇ 95 ਫ਼ੀ ਸਦੀ ਬਲਾਤਕਾਰ ਦੇ ਮਾਮਲਿਆਂ ਵਿਚ ਪੀੜਤ ਅਤੇ ਮੁਲਜ਼ਮ ਪਹਿਲਾਂ ਤੋਂ ਇਕੋ-ਦੂਜੇ ਨੂੰ ਜਾਣਦੇ ਸਨ ਜਿਸ ਵਿਚ ਪਿਤਾ, ਭਰਾ, ਗੁਆਂਢੀ, ਮਿੱਤਰ ਅਤੇ ਹੋਰ ਰਿਸ਼ਤੇਦਾਰ ਸ਼ਾਮਲ ਹਨ। ਐਨ.ਸੀ.ਆਰ.ਬੀ. ਮੁਤਾਬਕ ਜਬਰ ਜਨਾਹ ਦਾ ਸ਼ਿਕਾਰ ਪੀੜਤਾਂ ਵਿਚ 60 ਫ਼ੀਸਦੀ ਨਾਬਾਲਗ਼ ਸਨ। 2016 ਵਿਚ ਨਾਬਾਲਗ਼ਾਂ ਨਾਲ ਬਲਾਤਕਾਰ ਦੇ 41 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਦੀ ਉਮਰ 18 ਸਾਲ ਤੋਂ ਹੇਠਾਂ ਦੀ ਸੀ। ਪੁਲਿਸ ਨੇ 68 ਮੁਲਜ਼ਮਾਂ ਨੂੰ ਬਲਾਤਕਾਰ ਦੇ ਮਾਮਲੇ ਵਿਚ ਕਾਬੂ ਕੀਤਾ।ਇਸ ਦੇ ਨਾਲ ਹੀ ਹਰ ਸਾਲ ਚੰਡੀਗੜ੍ਹ ਵਰਗੇ ਸ਼ਹਿਰ ਵਿਚ ਔਰਤਾਂ ਨਾਲ ਜਬਰ ਜਨਾਹ ਦੇ 50 ਤੋਂ ਵੀ ਵੱਧ ਮਾਮਲਿਆਂ ਦਾ ਦਰਜ ਹੋਣਾ ਸਮਾਜ ਅਤੇ ਸਥਾਨਕ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ। ਬੀਤੇ ਦਿਨਾਂ ਦੌਰਾਨ 21 ਸਾਲਾਂ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ ਨੇ ਸ਼ਹਿਰ ਵਿੱਚ ਔਤਰਾਂ ਦੀ ਸੁਰੱਖਿਆ 'ਤੇ ਸਵਾਲੀਆਂ ਨਿਸ਼ਾਨ ਲਗਾ ਦਿੱਤਾ ਹੈ, ਪੁਲਿਸ ਨੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਪਰ ਅਜਿਹੇ ਅਪਰਾਧਾਂ ਦੀ ਦਰ ਘਟਣ ਦਾ ਨਾਮ ਨਹੀ ਲੈ ਰਹੀ ਹੈ। ਅਜਿਹੇ ਅਪਰਾਧਾਂ ਦੀਆਂ ਪੀੜਤ ਔਰਤਾਂ ਦੀ ਗਿਣਤੀ ਵਿਚ ਨਬਾਲਗ ਬੱਚੀਆਂ ਵੀ ਸ਼ਾਮਲ ਹਨ। ਔਰਤਾਂ ਵਿਰੁਧ ਹੋ ਰਹੇ ਅਪਰਾਧ ਦੇ ਮਾਮਲਿਆਂ ਵਿਚ ਪੁਰੇ ਦੇਸ਼ ਵਿਚ ਚੰਡੀਗੜ੍ਹ ਦਾ ਸਥਾਨ 11ਵੇਂ ਨੰਬਰ ਤੇ ਹੈ ਅਤੇ ਯੂਨਿਅਨ ਟੈਰਟਰੀਜ਼ ਦੀ ਜੇਕਰ ਗੱਲ ਕਰੀਏ ਤਾਂ ਚੰਡੀਗੜ੍ਹ ਦੂਜੇ ਸਥਾਨ ਤੇ ਹੈ। ਯੂਨਿਅਨ ਟਰੈਰਟਰੀਜ਼ ਵਿਚ ਦਿੱਲੀ ਪਹਿਲੇ ਸਥਾਨ ਤੇ ਹੈ।