'ਆਧਾਰ' ਦਾ ਅੜਿੱਕਾ : ਸਰਕਾਰੀ ਬਾਬੂਆਂ ਦੀ ਤਨਖ਼ਾਹ ਰੁਕੀ

ਚੰਡੀਗੜ੍ਹ, ਚੰਡੀਗੜ੍ਹ

ਐਸ.ਏ.ਐਸ. ਨਗਰ, 1 ਸਤੰਬਰ (ਸੁਖਦੀਪ ਸਿੰਘ ਸੋਈਂ): ਵਿੱਤ ਵਿਭਾਗ ਵਲੋਂ 31 ਅਗੱਸਤ ਨੂੰ ਇਕ ਪੱਤਰ ਜਾਰੀ ਕਰ ਕੇ ਸਮੂਹ ਜ਼ਿਲ੍ਹਾ ਖ਼ਜ਼ਾਨਾ ਅਫ਼ਸਰਾਂ ਨੂੰ ਹੁਕਮ ਦਿਤਾ ਗਿਆ ਹੈ ਕਿ ਸਾਰੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਬੈਂਕ ਖਾਤਿਆਂ ਨੂੰ ਆਧਾਰ ਕਾਰਡ ਨੂੰ ਜੋੜਿਆ ਜਾਵੇ। ਇਸ ਤੋਂ ਬਾਅਦ ਹੀ ਤਨਖ਼ਾਹ ਦਿਤੀ ਜਾਵੇ। ਵਿੱਤ ਵਿਭਾਗ ਦੇ ਇਸ ਹੁਕਮ ਨਾਲ ਸਾਰੇ ਸਰਕਾਰੀ ਮੁਲਾਜ਼ਮਾਂ ਦੀ ਤਨਖ਼ਾਹ ਰੁਕ ਗਈ ਹੈ। ਤਨਖ਼ਾਹ ਨਾ ਮਿਲਣ ਕਾਰਨ ਇਨ੍ਹਾਂ ਸਰਕਾਰੀ ਮੁਲਾਜ਼ਮਾਂ ਵਿਚ ਰੋਸ ਪੈਦਾ ਹੋ ਗਿਆ ਹੈ।
ਮੁਲਾਜ਼ਮਾਂ ਦਾ ਕਹਿਣਾ ਕਿ ਦਿਹਾੜੀਦਾਰ ਵੀ ਦਿਹਾੜੀ ਦੇ ਘੰਟੇ ਪੂਰੇ ਹੋਣ ਤੋਂ ਪਹਿਲਾਂ ਹੀ ਅਪਣੀ ਦਿਹਾੜੀ ਲੈ ਲੈਂਦਾ ਹੈ ਪਰ ਉਨ੍ਹਾਂ ਨੂੰ ਪੂਰਾ ਮਹੀਨਾ ਕੰਮ ਕਰਨ ਤੋਂ ਬਾਅਦ ਵੀ ਤਨਖ਼ਾਹ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਨੇ ਜੇ ਪੱਤਰ ਜਾਰੀ ਕਰਨਾ ਸੀ ਤਾਂ ਕੁੱਝ ਦਿਨ ਪਹਿਲਾਂ ਕਰਦਾ ਅਤੇ ਇਸ ਤਰ੍ਹਾਂ ਦੀਆਂ ਫ਼ਾਰਮੈਲਟੀਆਂ ਨੂੰ ਕੁੱਝ ਦਿਨ ਪਹਿਲਾਂ ਵੀ ਪੂਰਾ ਕੀਤਾ ਜਾ ਸਕਦਾ ਸੀ ਅਤੇ ਮੁਲਾਜਮਾਂ ਤੇ ਅਧਿਕਾਰੀਆਂ ਦੀ ਤਨਖ਼ਾਹ ਜਾਰੀ ਕਰ ਦੇਣੀ ਚਾਹੀਦੀ ਸੀ। ਇਸ ਤਰ੍ਹਾਂ ਮਹੀਨੇ ਦੇ ਆਖ਼ਰੀ ਦਿਨ ਅਜਿਹਾ ਪੱਤਰ ਜਾਰੀ ਕਰ ਕੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਤਨਖ਼ਾਹ ਰੁਕ ਗਈ ਹੈ, ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਹੋ ਗਏ ਹਨ। ਹੁਣ ਦੋ ਦਿਨਾਂ ਦੀਆਂ ਅੱਗੇ ਛੁੱਟੀਆਂ ਆ ਗਈਆਂ ਹਨ, ਜਿਸ ਕਾਰਨ ਮੁਲਾਜ਼ਮਾਂ ਨੂੰ ਹੁਣ ਤਨਖ਼ਾਹ ਸੋਮਵਾਰ  ਜਾਂ ਉਸ ਤੋਂ ਬਾਅਦ ਹੀ ਮਿਲਣ ਦੇ ਆਸਾਰ ਹਨ।
ਜਾਣਕਾਰੀ ਅਨੁਸਾਰ ਵਿੱਤ ਵਿਭਾਗ ਪੰਜਾਬ ਦੇ ਵਧੀਕ ਡਾਇਰੈਕਟਰ ਵਲੋਂ ਸਮੂਹ ਜ਼ਿਲ੍ਹਾ ਖ਼ਜ਼ਾਨਾ ਅਫ਼ਸਰਾਂ ਨੂੰ 31 ਅਗੱਸਤ ਨੂੰ ਜਾਰੀ ਪੱਤਰ ਵਿਚ ਲਿਖਿਆ ਗਿਆ ਹੈ ਕਿ ਸਰਕਾਰੀ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਤਨਖ਼ਾਹ ਦੇ ਬਿਲਾਂ ਉਪਰ ਸਬੰਧਤ ਡੀ.ਡੀ.ਓ. ਪਾਸੋਂ ਇਕ ਸਰਟੀਫ਼ੀਕੇਟ ਲਿਆ ਜਾਵੇ ਕਿ ਤਨਖ਼ਾਹ  ਲੈਣ ਵਾਲੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਬੈਂਕ ਖਾਤੇ ਆਧਾਰ ਕਾਰਡ ਨਾਲ ਜੁੜੇ ਹਨ। ਇਸ ਤੋਂ ਇਲਾਵਾ ਇਸ ਪੱਤਰ ਵਿਚ ਸਾਰੇ ਡੀ.ਡੀ.ਓਜ਼. ਨੂੰ ਹਦਾਇਤਾਂ ਜਾਰੀ ਕਰਨ ਬਾਰੇ ਲਿਖਿਆ ਗਿਆ ਹੈ ਕਿ ਉਹ ਸਮੂਹ ਮੁਲਾਜ਼ਮਾਂ ਦੇ ਯੂ.ਆਈ.ਡੀ. ਨੰਬਰ ਕੂਲੈਕਟ ਕਰਨ। ਵਿੱਤ ਵਿਭਾਗ ਦੇ ਵਧੀਕ ਡਾਇਰੈਕਟਰ ਵਲੋਂ ਇਹ ਪੱਤਰ 31 ਅਗੱਸਤ ਨੂੰ ਜਾਰੀ ਕੀਤਾ ਗਿਆ ਹੈ, ਜਿਸ ਕਾਰਨ 1 ਸਤੰਬਰ ਨੂੰ ਤਨਖ਼ਾਹਾਂ ਲੈਣ ਪੁੱਜੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਤਨਖ਼ਾਹਾਂ ਨਾ ਮਿਲਣ ਕਾਰਨ ਮਾਯੂਸ ਹੋਣਾ ਪਿਆ, ਜਿਸ ਕਾਰਨ ਉਨ੍ਹਾਂ ਵਿਚ ਰੋਸ ਪੈਦਾ ਹੋ ਗਿਆ।