ਅਧਿਆਪਕਾਂ ਨੂੰ 45 ਮਿੰਟ ਹੋਰ ਕਰਨਾ ਪਵੇਗਾ ਕੰਮ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 26 ਦਸੰਬਰ (ਤਰੁਣ ਭਜਨੀ): ਯੂ.ਟੀ. ਸਿਖਿਆ ਵਿਭਾਗ ਨੇ ਚਾਰ ਸਾਲ ਬਾਅਦ ਇਕ ਵਾਰ ਫਿਰ ਸਰਕਾਰੀ ਅਧਿਆਪਕਾਂ ਤੋਂ ਸਕੂਲਾਂ ਵਿਚ 45 ਮਿੰਟ ਵਧ ਕੰਮ ਕਰਵਾਉਣ ਦਾ ਫ਼ੈਸਲਾ ਲਿਆ ਹੈ। ਚਾਰ ਸਾਲ ਪਹਿਲਾਂ ਇਸ ਫ਼ੈਸਲੇ ਦਾ ਅਧਿਆਪਕਾਂ ਨੇ ਜ਼ੋਰਦਾਰ ਵਿਰੋਧ ਕੀਤਾ ਸੀ। ਜਿਸ ਤੋਂ ਬਾਅਦ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਸੀ। ਹੁਣ ਮੁੜ ਤੋਂ ਸ਼ਹਿਰ ਦੇ 114 ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਵਾਲੇ ਕਰੀਬ 5 ਹਜ਼ਾਰ ਅਧਿਆਪਕਾਂ ਨੂੰ ਰੋਜ਼ਾਨਾ 45 ਮਿੰਟ ਵਧ ਕੰਮ ਕਰਨਾ ਪੈ ਸਕਦਾ ਹੈ। ਸੂਤਰਾਂ ਅਨੁਸਾਰ ਸਿਖਿਆ ਵਿਭਾਗ ਨੇ ਇਸ ਸਬੰਧੀ ਪੂਰੀ ਤਿਆਰੀ ਕਰ ਲਈ ਹੈ। ਸਿਖਿਆ ਵਿਭਾਗ ਨੇ ਰਾਈਟ ਟੂ ਐਜੂਕੇਸ਼ਨ(ਆਰਟੀਈ) ਦੇ ਨਿਯਮ ਨੂੰ ਲਾਗੂ ਕਰਨ ਲਈ ਅਧਿਆਪਕਾਂ ਦੇ ਕੰਮ ਕਰਨ ਦੇ ਸਮੇਂ (ਵਰਕਿੰਗ ਆਵਰ) ਨੂੰ ਵਧਾਉਣ ਦਾ ਫ਼ੈਸਲਾ ਲਿਆ ਹੈ। ਦਸਿਆ ਜਾ ਰਿਹਾ ਹੈ ਕਿ ਜਨਵਰੀ ਦੇ ਪਹਿਲੇ ਹਫ਼ਤੇ ਸਿਖਿਆ ਵਿਭਾਗ ਇਸ ਨੂੰ ਲਾਗੂ ਕਰ ਦੇਵੇਗਾ। ਦੂਜੇ ਪਾਸੇ ਸਿਖਿਆ ਵਿਭਾਗ ਦੇ ਇਸ ਫ਼ੈਸਲੇ 'ਤੇ ਅਧਿਆਪਕਾਂ ਵਿਚ ਰੋਸ ਹੈ। ਯੂ.ਟੀ. ਕੇਡਰ ਐਜੂਕੇਸ਼ਨ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ। ਕੰਬੋਜ ਨੇ ਕਿਹਾ ਕਿ ਸਿਖਿਆ ਵਿਭਾਗ ਨੂੰ ਆਰ.ਟੀ.ਈ. ਤਹਿਤ ਆਉਣ ਵਾਲੇ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। 

ਪੰਜਾਬ ਦੇ ਸਕੂਲਾਂ ਵਿਚ 20 ਮਿੰਟ ਵਧ ਦਿੰਦੇ ਹਨ ਅਧਿਆਪਕ : ਪੰਜਾਬ ਦੇ ਸਕੂਲਾਂ ਵਿਚ ਵੀ ਆਰ.ਟੀ.ਈ. ਦਾ ਇਹ ਨਿਯਮ ਲਾਗੂ ਹੈ। ਇਸ ਤਹਿਤ ਪੰਜਾਬ ਦੇ ਅਧਿਆਪਕ 20  ਮਿੰਟ ਵੱਧ ਸਮਾਂ ਸਕੂਲ ਵਿਚ ਕੰਮ ਕਰਦੇ ਹਨ। ਸੂਤਰਾਂ ਅਨੁਸਾਰ ਚੰਡੀਗੜ੍ਹ ਵਿਚ ਜੇ ਅਧਿਆਪਕਾਂ ਵਲੋਂ 45 ਮਿੰਟ ਦਾ ਵਿਰੋਧ ਹੋਇਆ ਤਾਂ ਵਿਭਾਗ ਇਸ ਨੂੰ ਪੰਜਾਬ ਦੀ ਤਰਜ਼ 'ਤੇ 20 ਮਿੰਟ ਕਰ ਸਕਦਾ ਹੈ। ਹਾਲਾਂਕਿ ਯੂਟੀ ਦੀਆਂ ਕਈ ਸਿਖਿਆ ਜਥੇਬੰਦੀਆਂ ਨੇ ਵਿਭਾਗ ਦੇ ਇਸ ਫ਼ੈਸਲੇ ਦਾ ਵਿਰੋਧ ਕਰਨ ਦਾ ਮਨ ਬਣਾ ਲਿਆ ਹੈ।ਇਸ ਤੋਂ ਪਹਿਲਾਂ ਵੀ ਲਾਗੂ ਕੀਤਾ ਸੀ ਵਿਭਾਗ ਇਹ ਨਿਯਮ: ਸਿਖਿਆ ਵਿਭਾਗ ਰਾਈਟ ਟੂ ਐਜੂਕੇਸ਼ਨ ਦੇ ਨਿਯਮ ਨੂੰ ਪਹਿਲਾਂ ਸਾਲ 2013 ਵਿਚ ਲਾਗੂ ਕਰ ਚੁੱਕਾ ਹੈ। ਉਸ ਸਮੇਂ ਸਰਕਾਰੀ ਅਧਿਆਪਕਾਂ ਨੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ ਵਿਭਾਗ ਨੂੰ ਸਿਰਫ਼ ਦੋ ਦਿਨਾਂ ਦੇ ਅੰਦਰ ਇਸ ਆਦੇਸ਼ ਨੂੰ ਵਾਪਸ ਲੈਣਾ ਪਿਆ ਸੀ। ਉਸ ਤੋਂ ਬਾਅਦ ਹੁਣ ਵਿਭਾਗ ਚਾਰ ਸਾਲਾਂ ਦੇ ਬਾਅਦ ਮੁੜ ਇਸ ਨੂੰ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।