ਚੰਡੀਗੜ੍ਹ, 25 ਜਨਵਰੀ (ਤਰੁਣ ਭਜਨੀ): ਮਲੋਆ ਕਲੋਨੀ ਵਿਚ ਵੀਰਵਾਰ ਦੁਪਹਿਰ ਇਕ ਕਾਰ ਨੇ ਦੋ ਮਾਸੂਮ ਬੱਚਿਆਂ ਨੂੰ ਕੁੱਚਲ ਦਿਤਾ। ਜਿਸ ਵਿਚ 4 ਸਾਲਾ ਬੱਚੀ ਸੀਫ਼ਾ ਦੀ ਮੌਤ ਹੋ ਗਈ ਹੈ ਅਤੇ 5 ਸਾਲ ਦਾ ਆਰੀਜ਼ ਗੰਭੀਰ ਜ਼ਖ਼ਮੀ ਹੋਇਆ ਹੈ। ਜ਼ਖਮੀ ਬੱਚੇ ਨੂੰ ਪੀ ਜੀ ਆਈ ਦਾ ਦਾਖ਼ਲ ਕਰਵਾਇਆ ਗਿਆ ਹੈ। ਜਿਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਮਹਿੰਦਰਾ ਐਸ ਯੂ ਵੀ ਕਾਰ ਚਾਲਕ ਜਤਿੰਦਰ ਕੁਮਾਰ ਵਿਰੁਧ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।ਦੋਵੇਂ ਬੱਚੇ ਚਚੇਰੇ ਭੈਣ-ਭਰਾ ਹਨ। ਵੀਰਵਾਰ ਕਰੀਬ 2ਥ30 ਵਜੇ ਦੋਵੇਂ ਬੱਚੇ ਘਰ ਦੇ ਬਾਹਰ ਪਾਰਕ ਦੇ ਨੇੜੇ ਖੇਡ ਰਹੇ ਸਨ। ਇਸ ਦੌਰਾਨ ਐਸ ਯੂ ਵੀ ਕਾਰ ਵਿਚ ਸਵਾਰ ਜਤਿੰਦਰ ਤੇਜ਼ੀ ਵਿਚ ਆਇਆ ਅਤੇ ਅਪਣੀ ਕਾਰ ਖੜੀ ਕਰਨ ਦੇ ਚੱਕਰ ਵਿਚ ਦੋਹਾਂ ਬੱਚਿਆਂ ਨੂੰ ਕੁੱਚਲ ਦਿਤਾ। ਕਾਰ ਦੇ ਅਗਲੇ ਪਾਸੇ ਤੋਂ ਦੋਹਾਂ ਬੱਚਿਆਂ ਨੂੰ ਜੋਰਦਾਰ
ਟੱਕਰ ਮਾਰੀ ਗਈ ਹੈ । 4 ਸਾਲ ਦੀ ਸੀਫ਼ਾ ਦੇ ਸਿਰ ਵਿਚ ਸੱਟ ਲੱਗਣ ਤੇ ਉਹ ਜਮੀਨ ਤੇ ਡਿੱਗ ਗਈ ਅਤੇ 5 ਸਾਲ ਦੇ ਆਰੀਜ਼ ਨੂੰ ਵੀ ਗੰਭੀਰ ਸੱਟ ਲੱਗੀ। ਜਤਿੰਦਰ ਨੇ ਹੇਠਾਂ ਉਤਰ ਕੇ ਵੇਖਿਆ ਤਾਂ ਦੋਵੇਂ ਬੱਚੇ ਲਹੁਲੁਹਾਨ ਹਾਲਤ ਵਿਚ ਪਏ ਸਨ। ਘਟਨਾ ਤੋਂ ਬਾਅਦ ਮੌਕੇ ਤੇ ਤੂਰੰਤ ਲੋਕ ਇਕੱਠੇ ਹੋ ਗਏ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ। ਪੁਲਿਸ ਦੋਹਾਂ ਬੱਚਿਆਂ ਨੂੰ ਪੀ ਜੀ ਆਈ ਲੈ ਗਈ। ਜਿਥੇ ਡਾਕਟਰਾਂ ਨੇ ਸੀਫ਼ਾ ਨੂੰ ਮ੍ਰਿਤਕ ਐਲਾਨ ਦਿਤਾ ਅਤੇ ਆਰੀਜ਼ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਘਟਨਾ ਤੋਂ ਬਾਅਦ ਮਲੋਆ ਥਾਣੇ ਦੇ ਬਾਹਰ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਮ੍ਰਿਤਕ ਬੱਚੀ ਦੇ ਪਿਤਾ ਮੁਹੰਮਦ ਰਿਆਜ਼ ਸੈਕਟਰ 40 ਸਥਿਤ ਕਿਸੇ ਸੈਲੂਨ ਵਿਚ ਕੰਮ ਕਰਦੇ ਹਨ ਅਤੇ ਜ਼ਖ਼ਮੀ ਆਰੀਜ਼ ਦੇ ਪਿਤਾ ਦਾ ਵੀ ਬਾਲ ਕੱਟਣ ਦਾ ਕੰਮ ਹੈ।