ਅਕਾਲੀਆਂ ਨੇ ਕੀਤਾ ਆਟਾ ਦਾਲ ਸਕੀਮ 'ਚ ਘਪਲਾ: ਧਰਮਸੋਤ

ਚੰਡੀਗੜ੍ਹ, ਚੰਡੀਗੜ੍ਹ



ਭਾਦਸੋਂ, 10 ਸਤੰਬਰ (ਸੁਖਦੇਵ ਪੰਧੇਰ): ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਅਪਣੇ ਰਾਜ ਸਮੇਂ ਵੋਟਾਂ ਦੇ ਲਾਲਚ ਵਿਚ ਆਟਾ-ਦਾਲ ਸਕੀਮ ਵਿਚ ਵੱਡੇ ਪੱਧਰ 'ਤੇ ਘਪਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਵਲੋਂ ਲੋੜਵੰਦਾਂ ਦੀ ਥਾਂ ਰੱਜੇ-ਪੁੱਜੇ ਲੋਕਾਂ ਦੇ ਨੀਲੇ ਕਾਰਡ ਬਣਾਏ ਗਏ ਹਨ ਜਿਸਦੀ ਸਰਕਾਰ ਜਾਂਚ ਕਰ ਰਹੀ ਹੈ ਅਤੇ ਜਾਂਚ ਉਪਰੰਤ ਗ਼ਲਤ ਕਾਰਡ ਰੱਦ ਕੀਤੇ ਜਾਣਗੇ।

ਇਹ ਪ੍ਰਗਟਾਵਾ ਧਰਮਸੋਤ ਨੇ ਭਾਦਸੋਂ  ਵਿਖੇ ਸਥਾਨਕ ਆਗੂਆਂ ਨਾਲ ਮੀਟਿੰਗ ਕਰਨ ਮਗਰੋਂ ਗੱਲਬਾਤ ਦੌਰਾਨ ਕੀਤਾ। ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਲੋਕ ਭਲਾਈ ਸਕੀਮਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਸਾਰੇ ਮੰਤਰੀਆਂ ਨੂੰ ਵੱਖ ਵੱਖ ਜ਼ਿਲ੍ਹਿਆਂ ਦਾ ਇੰਚਾਰਜ ਲਾਇਆ ਗਿਆ ਹੈ। ਧਰਮਸੋਤ ਨੇ ਦਸਿਆ ਕਿ ਸਰਕਾਰ ਜਲਦੀ ਹੀ ਗ਼ਰੀਬ ਪਰਵਾਰਾਂ ਨੂੰ ਮਕਾਨ ਦੇਵੇਗੀ ਅਤੇ ਸੂਬੇ ਅੰਦਰ ਜੰਗਲਾਤ ਵਿਭਾਗ ਦੀ ਹਜ਼ਾਰਾਂ ਏਕੜ ਜ਼ਮੀਨ ਉੱਤੇ ਨਾਜਾਇਜ਼ ਕਬਜ਼ੇ ਕਰੀ ਰਸੂਖਦਾਰਾਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਉਨ੍ਹਾਂ 'ਤੇ ਪਰਚੇ ਕੀਤੇ ਜਾਣਗੇ ਤਾਂ ਜੋ ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਤੋਂ ਪਹਿਲਾਂ ਅਗਲਾ ਸੌ ਵਾਰ ਸੋਚੇ।

ਧਰਮਸੋਤ ਨੇ ਕਿਹਾ ਕਿ ਵਿਭਾਗ ਦੀਆਂ ਜ਼ਮੀਨਾਂ ਨੂੰ ਖਾਲੀ ਕਰਵਾਉਣ ਲਈ ਸਰਕਾਰ ਵਲੋਂ ਵਿਸ਼ੇਸ਼ ਮੁਹਿੰਮ ਆਰੰਭ ਕੀਤੇ ਜਾਣ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਵਜ਼ੀਫ਼ਾ ਸਕੀਮ ਵਿਚ ਹੋਏ ਕਰੋੜਾਂ ਰੁਪਏ ਦੇ ਘਪਲੇ ਦਾ ਵੀ ਪਰਦਾਫ਼ਾਸ਼ ਕੀਤਾ ਜਾਵੇਗਾ। ਇਸ ਮੌਕੇ ਧਰਮਸੋਤ ਨਾਲ ਬਲਾਕ ਸੰਮਤੀ ਮੈਂਬਰ ਜੱਗੀ ਚਾਸਵਾਲ, ਸੁਰਜੀਤ ਸਿੰਘ ਦਰਗਾਪੁਰ, ਹੰਸ ਰਾਜ ਮਸਤਾਨਾ, ਕਿਸਾਨ ਮੰਚ ਪ੍ਰਧਾਨ ਪ੍ਰਗਟ ਸਿੰਘ ਭੜੀ, ਕਰਮਜੀਤ ਸਿੰਘ ਫਰੀਦਪੁਰ, ਸੁਖਬੀਰ ਸਿੰਘ ਪੰਧੇਰ, ਗੋਪਾਲ ਸਿੰਘ ਖਨੌੜਾ, ਅਮਿਤ ਬੱਬੂ, ਨੇਤਰ ਸਿੰਘ ਘੁੰਡਰ, ਮਨਜੋਤ ਸਿੰਘ ਚਹਿਲ, ਦਲਜੀਤ ਸਿੰਘ ਰਾਇਮਲਮਾਜਰੀ, ਗੁਰਵਿੰਦਰ ਭੜੀ ਤੇ ਬੰਟੀ ਸਿੱਧੂ ਹਾਜ਼ਰ ਸਨ।