ਚੰਡੀਗੜ੍ਹ, 24 ਨਵੰਬਰ (ਤਰੁਣ ਭਜਨੀ) : ਸਮੂਹਕ ਬਲਾਤਕਾਰ ਮਾਮਲੇ ਵਿਚ ਪੁਲਿਸ ਨੇ ਆਖ਼ਰ ਇਕ ਹਫ਼ਤੇ ਬਾਅਦ ਮੁਲਜ਼ਮ ਆਟੋ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਵਿਚ ਹਾਲੇ ਦੋ ਮੁਲਜ਼ਮ ਫਰਾਰ ਹਨ। ਜਿਨ੍ਹਾਂ ਨੂੰ ਫੜਣ ਲਈ ਪੁਲਿਸ ਟੀਮਾਂ ਵੱਖ ਵੱਖ ਥਾਵਾਂ ਤੇ ਰਵਾਨਾ ਕਰ ਦਿਤੀ ਗਈਆਂ ਹਨ। ਕਾਬੂ ਕੀਤੇ ਗਏ ਆਟੋ ਚਲਾਕ ਮੁਲਜ਼ਮ ਦੀ ਪਛਾਣ ਮੁਹੰਮਦ ਇਰਫ਼ਾਨ ਦੇ ਰੂਪ ਵਿਚ ਹੋਈ ਹੈ। ਜੋ ਜ਼ੀਰਕਪੁਰ ਵਿਚ ਜੇਪੀ ਹਸਪਤਾਲ ਦੇ ਨੇੜੇ ਇਕ ਮੈਦਾਨ ਵਿਚ ਬਣੀ ਝੁਗੀਆਂ ਵਿਚ ਰਹਿੰਦਾ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਨਿਲਾਂਬਰੀ ਵਿਜੇ ਜਗਦਲੇ ਨੇ ਦੱਸਿਆ ਕਿ ਸੈਕਟਰ 49 ਥਾਣਾ ਪੁਲਿਸ ਨੂੰ ਗੁਪਤਾ ਸੂਚਨਾ ਮਿਲੀ ਸੀ। ਜਿਸਦੇ ਬਾਅਦ ਮੁਲਜ਼ਮ ਨੂੰ ਕਾਬੂ ਕੀਤਾ ਅਤੇ ਉਸ ਨੇ ਕਬੂਲ ਕੀਤਾ ਹੈ ਕਿ ਬੀਤੇ ਸ਼ੁਕਰਵਾਰ ਉਸ ਨੇ ਹੀ ਅਪਣੇ ਦੋ ਸਾਥੀਆਂ ਨਾਲ ਮਿਲਕੇ ਮੁਟਿਆਰ ਨਾਲ ਸਾਮੂਹਕ ਬਲਾਤਕਾਰ ਕੀਤਾ ਹੈ। ਇਰਫ਼ਾਨ ਨੇ ਪੁਲਿਸ ਨੂੰ ਵਾਰਦਾਤ ਵਿਚ ਸ਼ਾਮਲ ਅਪਣੇ ਦੋ ਸਾਥੀਆਂ ਦੇ ਨਾਮ ਵੀ ਦੱਸੇ ਹਨ। ਜਿਨ੍ਹਾ ਦੀ ਪਛਾਣ ਗਰੀਬ ਵਾਸੀ ਫੈਜ਼ਾਬਾਦ ਯੂਪੀ ਅਤੇ ਪੋਪੁ ਵਾਸੌ ਸੁਲਤਾਨਪੁਰ ਯੂਪੀ ਦੇ ਰੂਪ ਵਿਚ ਹੋਈ ਹੈ। ਇਸ ਨਾਲ ਹੀ ਪੁਲਿਸ ਨੇ ਸੀਐਚ 78 ਟੀ 2740 ਨੰਬਰ ਵਾਲੇ ਆਟੋ ਨੂੰ ਵੀ ਬਰਾਮਦ ਕਰ ਲਿਆ ਹੈ, ਜਿਸ 'ਚ ਬੈਠਾ ਕੇ ਪੀੜਤਾ ਨੂੰ ਲੈ ਜਾਇਆ ਗਿਆ ਸੀ। ਮੁਲਜ਼ਮ ਦੇ ਫੜੇ ਜਾਣ ਤੋਂ ਬਾਅਦ ਪੁਲਿਸ ਨੇ ਘਟਨਾ ਨੂੰ ਦੁਬਾਰਾ ਦੁਹਰਾਇਆ ਅਤੇ ਮੁਲਜ਼ਮ ਨੂੰ ਨਾਲ ਲੈਕੇ ਵਾਰਦਾਤ ਵਾਲੀ ਥਾਂ ਪਹੁੰਚੀ। ਪੁਲਿਸ ਨੂੰ ਛੇਤੀ ਹੀ ਬਾਕੀ ਦੇ ਦੋ ਮੁਲਜ਼ਮਾਂ ਦੇ ਵੀ ਫੜੇ ਜਾਣ ਦੀ ਉਮੀਦ ਹੈ।