ਬਲੂ ਵ੍ਹੇਲ ਗੇਮ : ਲਾਪਤਾ ਕੁਲਚੀਫ ਦਾ ਕਰਨ ਠਾਕੁਰ ਨਾਲ ਨਹੀਂ ਸਬੰਧ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 27 ਸਤੰਬਰ (ਤਰੁਣ ਭਜਨੀ): ਬਲੂ ਵ੍ਹੇਲ ਗੇਮ ਨਾਲ ਪੰਚਕੂਲਾ ਦੇ ਸੈਕਟਰ 4 ਵਿਚ 10ਵੀਂ ਜਮਾਤ ਦੇ ਵਿਦਿਆਰਥੀ ਕਰਨ ਠਾਕੁਰ ਦੀ ਮੌਤ ਦੇ ਮਾਮਲੇ ਦਾ ਲਿੰਕ ਚੰਡੀਗੜ੍ਹ ਦੇ ਸੈਕਟਰ 40 ਤੋਂ ਲਾਪਤਾ ਹੋਏ ਵਿਦਿਆਰਥੀ ਕੁਲਚੀਫ ਨਾਲ ਬਿਲਕੁਲ ਨਹੀਂ ਹੈ। ਬੀਤੇ ਕੁੱਝ ਦਿਨਾਂ ਤੋਂ ਕੁਲਚੀਫ਼ ਦੇ ਗ਼ਾਇਬ ਹੋਣ ਦਾ ਮਾਮਲਾ ਵੀ ਕਰਨ ਠਾਕੁਰ ਦੀ ਮੌਤ ਨਾਲ ਜੋੜਿਆ ਜਾ ਰਿਹਾ ਸੀ।
ਐਸ.ਐਸ.ਪੀ. ਨਿਲਾਂਬਰੀ ਵਿਜੇ ਜਗਦਲੇ ਨੇ ਦਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਰਨ ਅਤੇ ਕੁਲਚੀਫ ਇਕ ਦੂਜੇ ਨੂੰ ਬਿਲਕੁਲ ਨਹੀਂ ਜਾਣਦੇ ਸਨ। ਇਸ ਤੋਂ ਇਲਾਵਾ ਦੋਹਾਂ ਦਾ ਸਕੂਲ ਵੀ ਅੱਡ ਹੈ ਅਤੇ ਉਨ੍ਹਾਂ ਦੀ ਕਾਲ ਡਿਟੇਲ ਦੀ ਵੀ ਜਾਂਚ ਕੀਤੀ ਗਈ ਹੈ। ਜਿਸ ਵਿਚ ਇਨ੍ਹਾਂ ਦੋਹਾਂ ਦੀ ਆਪਸੀ ਗੱਲਬਾਤ ਬਿਲਕੁਲ ਸਾਹਮਣੇ ਨਹੀਂ ਆਈ ਹੈ। ਐਸ.ਐਸ.ਪੀ ਨੇ ਦਸਿਆ ਕਿ ਲਾਪਤਾ ਵਿਦਿਆਰਥੀ ਦੀ ਇਸ ਵੇਲੇ ਲੋਕੇਸ਼ਨ ਮੁੰਬਈ ਦੀ ਆਈ ਹੈ ਅਤੇ ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਕੁਲਚੀਫ ਅਪਣੇ ਇਕ ਹੁਸ਼ਿਆਰਪੁਰ ਦੇ ਰਹਿਣ ਵਾਲੇ ਦੋਸਤ ਨਾਲ ਮੁੰਬਈ ਗਿਆ ਹੈ। ਐਸ.ਐਸ.ਪੀ ਨੇ ਦਸਿਆ ਕੁਲਚੀਫ ਬਲੂ ਵ੍ਹੇਲ ਗੇਮ ਖੇਡ ਰਿਹਾ ਸੀ ਜਾਂ ਨਹੀਂ, ਇਸ ਵਾਰੇ ਹਾਲੇ ਜਾਂਚ ਕੀਤੀ ਜਾ ਰਹੀ ਹੈ। ਕੁਲਚੀਫ ਸੈਕਟਰ 36 ਸਥਿਤ ਗੁਰੂ ਨਾਨਕ ਪਬਲਿਕ ਸਕੂਲ ਦਾ ਵਿਦਿਆਰਥੀ ਹੈ।
ਦੂਜੇ ਪਾਸੇ ਬਲੂ ਵ੍ਹੇਲ ਗੇਮ ਦੇ ਸ਼ੱਕ ਵਿਚ ਗ਼ਾਇਬ ਕੁਲਚੀਫ ਦੀ ਵੱਡੀ ਭੈਣ ਰੰਜੀਵਾ ਨੇ ਦਸਿਆ ਕਿ ਉਸ ਦੇ ਭਰਾ ਨੂੰ ਵੀ ਜਾਨਲੇਵਾ ਗੇਮ ਦਾ ਲਿੰਕ ਪ੍ਰਾਪਤ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਰਨ ਠਾਕੁਰ ਦੇ ਪਿਤਾ ਨਾਲ ਸੰਪਰਕ ਕੀਤਾ ਸੀ ਪਰ ਕਰਨ ਦੇ ਪਿਤਾ ਨੇ ਉਨ੍ਹਾ ਦੀ ਦੋਸਤੀ ਵਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਮਨ੍ਹਾ ਕੀਤਾ ਸੀ। ਸੈਕਟਰ 39 ਥਾਣਾ ਪੁਲਿਸ ਅਨੁਸਾਰ ਉਨ੍ਹਾਂ ਨੇ ਦੋਹਾਂ ਮਾਮਲਿਆਂ ਵਿਚ ਲਿੰਕ ਦੀ ਜਾਣਕਾਰੀ ਮਿਲਦੇ ਹੀ ਪੰਚਕੁਲਾ ਪੁਲਿਸ ਨਾਲ ਸੰਪਰਕ ਕੀਤਾ ਸੀ। ਪਰ ਦੋਹਾਂ ਦੀ ਆਪਸ ਵਿਚ ਕੋਈ ਲਿੰਕ ਸਾਹਮਣੇ ਨਹੀ ਆਇਆ ਹੈ। ਪੁਲਿਸ ਵਿਦਿਆਰਥੀ ਦੀ ਭਾਲ ਕਰ ਰਹੀ ਹੈ।