ਐਸ.ਏ.ਐਸ. ਨਗਰ, 9 ਅਕਤੂਬਰ (ਸੁਖਦੀਪ ਸਿੰਘ ਸੋਈ/ਗੁਰਮੁੱਖ ਵਾਲੀਆ) : ਜਲੰਧਰ ਜ਼ਿਲ੍ਹੇ ਦੀ ਫ਼ਿਲੌਰ ਤਹਿਸੀਲ ਦੇ ਪਿੰਡ ਮੁਠੱਡਾ ਕਲਾਂ ਦੇ ਪੰਜ ਦਰਜਨ ਦੇ ਕਰੀਬ ਵਸਨੀਕਾਂ ਜਿਨ੍ਹਾਂ ਵਿਚ ਔਰਤਾਂ ਸ਼ਾਮਲ ਸਨ, ਨੇ ਅੱਜ ਪੰਚਾਇਤ ਵਿਭਾਗ ਦੇ ਮੋਹਾਲੀ ਸਥਿਤ ਮੁੱਖ ਦਫ਼ਤਰ ਦੇ ਗੇਟ ਅੱਗੇ ਧਰਨਾ ਦਿਤਾ। ਧਰਨਾਕਾਰੀਆਂ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ 'ਤੇ ਉਨ੍ਹਾਂ ਦੇ ਪਿੰਡ ਦੇ ਸਰਪੰਚ ਕ੍ਰਾਂਤੀ ਮੋਹਨ ਨੂੰ ਸਿਰਫ਼ ਇਸ ਕਰ ਕੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਕਿ ਉਨ੍ਹਾਂ ਨੇ ਲੰਮੀ ਅਦਾਲਤੀ ਕਾਰਵਾਈ ਮਗਰੋਂ ਪਿੰਡ ਦੀ ਚਾਰ ਏਕੜ ਵਾਹੀਯੋਗ ਜ਼ਮੀਨ ਭੂਮਾਫ਼ੀਆ ਦੇ ਕਬਜ਼ੇ ਵਿਚੋਂ ਛੁਡਾਈ ਹੈ। ਧਰਨੇ ਵਿੱਚ ਪੰਚਾਇਤ ਯੂਨੀਅਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਪ੍ਰੈਸ ਸਕੱਤਰ ਬਲਵਿੰਦਰ ਸਿੰਘ ਮਾਣਕਪੁਰ ਕੱਲਰ ਤੋਂ ਇਲਾਵਾ ਜਬਰ-ਜ਼ੁਲਮ ਵਿਰੋਧੀ ਫ਼ਰੰਟ ਦੇ ਸੂਬਾ ਪ੍ਰਧਾਨ ਰਾਜ ਸਿੰਘ ਟੋਡਰਵਾਲ, ਰੇਸ਼ਮ ਸਿੰਘ ਕਾਹਲੋਂ ਆਦਿ ਵੀ ਪ੍ਰਮੁੱਖ ਤੌਰ ਤੇ ਮੌਜੂਦ ਸਨ।ਧਰਨੇ ਨੂੰ ਸੰਬੋਧਨ ਕਰਦਿਆਂ ਮੁਠੱਡਾ ਕਲਾਂ ਦੇ ਸਰਪੰਚ ਕ੍ਰਾਂਤੀ ਮੋਹਨ ਨੇ ਕਿਹਾ ਕਿ ਸਿਆਸੀ ਸ਼ਹਿ 'ਤੇ ਉਨ੍ਹਾਂ ਨੂੰ ਪੰਚਾਇਤ ਵਿਭਾਗ ਵੱਲੋਂ ਵਾਰ-ਵਾਰ ਨੋਟਿਸ ਕੱਢਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਉਨ੍ਹਾਂ ਸੱਤਾਧਾਰੀ ਧਿਰ ਦੇ ਸਬੰਧਿਤ ਹਲਕੇ ਦੇ ਇੱਕ ਐਮਪੀ ਦਾ ਵਾਰ ਵਾਰ ਨਾਂ ਲੈਂਦਿਆਂ ਕਿਹਾ ਕਿ ਉਹ ਭੂਮਾਫ਼ੀਆ ਨਾਲ ਮਿਲਕੇ ਉਨ੍ਹਾਂ ਨੂੰ ਸਸਪੈਂਡ ਕਰਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗੀ ਅਧਿਕਾਰੀ ਵੀ ਭੂਮਾਫ਼ੀਏ ਦਾ ਸਾਥ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਕੋਈ ਕਸੂਰ ਸਾਬਿਤ ਹੋਵੇ ਤਾਂ ਉਹ ਹਰ ਤਰਾਂ ਦੀ ਕਾਰਵਾਈ ਸਹਿਣ ਲਈ ਤਿਆਰ ਹਨ ਪਰ ਭੂਮਾਫ਼ੀਆ ਨਾਲ ਕਦੇ ਸਮਝੌਤਾ ਨਹੀਂ ਕਰਨਗੇ ਤੇ ਪੰਚਾਇਤੀ ਜ਼ਮੀਨਾਂ ਦੀ ਰਖ਼ਵਾਲੀ ਕਰਦੇ ਰਹਿਣਗੇ। ਬਲਵਿੰਦਰ ਸਿੰਘ ਕੁੰਭੜਾ ਨੇ ਮੁਹਾਲੀ ਜ਼ਿਲ੍ਹੇ ਦੀਆਂ ਪੰਚਾਇਤਾਂ ਦੀਆਂ ਘਪਲੇਬਾਜ਼ੀਆਂ ਦੀ ਜਾਂਚ ਦੀ ਮੰਗ ਕੀਤੀ ਤੇ ਐਸਸੀ/ਐਸਟੀ ਸਰਪੰਚਾਂ ਨੂੰ ਜਾਣ-ਬੁੱਝ ਕੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਚਿਤਾਵਨੀ ਦਿਤੀ ਕਿ ਜੇਕਰ ਸਰਪੰਚ ਕ੍ਰਾਂਤੀ ਮੋਹਨ ਵਿਰੁਧ ਕੋਈ ਕਾਰਵਾਈ ਕੀਤੀ ਗਈ ਤਾਂ ਪੰਚਾਇਤ ਯੂਨੀਅਨ ਵੱਡੇ ਪੱਧਰ ਉੱਤੇ ਅੰਦੋਲਨ ਕਰੇਗੀ। ਧਰਨਾਕਾਰੀਆਂ ਨੇ ਵਿਭਾਗ ਦੇ ਡਾਇਰੈਕਟਰ ਤੇ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ। ਧਰਨੇ ਦਾ ਪਤਾ ਲਗਦਿਆਂ ਹੀ ਥਾਣਾ ਅੱਠ ਫ਼ੇਜ਼ ਦੇ ਮੁੱਖ ਥਾਣਾ ਅਫ਼ਸਰ ਰਾਜੀਵ ਕੁਮਾਰ ਤੁਰਤ ਫ਼ੋਰਸ ਸਮੇਤ ਮੌਕੇ 'ਤੇ ਪੁੱਜੇ। ਉਨ੍ਹਾਂ ਤੁਰੰਤ ਵਿਭਾਗ ਦੇ ਡਾਇਰੈਕਟਰ ਨਾਲ ਗੱਲ ਕੀਤੀ ਤੇ ਵਿਭਾਗ ਦੇ ਡਿਪਟੀ ਡਾਇਰੈਕਟਰ ਜੋਗਿੰਦਰ ਕੁਮਾਰ ਨੂੰ ਧਰਨਾਕਾਰੀਆਂ ਕੋਲ ਲੈ ਕੇ ਆਏ, ਜਿਨ੍ਹਾਂ ਧਰਨਾਕਾਰੀਆਂ ਤੋਂ ਮੰਗ ਪੱਤਰ ਹਾਸਿਲ ਕੀਤਾ। ਇਸ ਮੌਕੇ ਡਿਪਟੀ ਡਾਇਰੈਕਟਰ ਨੂੰ ਵੀ ਸਰਪੰਚ ਕ੍ਰਾਂਤੀ ਮੋਹਨ ਨੇ ਖਰੀਆਂ ਖਰੀਆਂ ਸੁਣਾਈਆਂ। ਡਿਪਟੀ ਡਾਇਰੈਕਟਰ ਨੇ ਭਰੋਸਾ ਦਿਵਾਇਆ ਕਿ ਸਾਰਾ ਕੁੱਝ ਕਾਨੂੰਨ ਅਨੁਸਾਰ ਹੀ ਕੀਤਾ ਜਾਵੇਗਾ ਤੇ ਕਿਸੇ ਨਾਲ ਕੋਈ ਧੱਕਾ ਨਹੀਂ ਹੋਵੇਗਾ। ਇਸ ਮੌਕੇ ਅਮਰੀਕ ਮੁਠੱਡਾਂ, ਰਾਜ ਸਿੰਘ ਟੋਡਰਵਾਲ, ਰੇਸ਼ਮ ਸਿੰਘ ਕਾਹਲੋਂ, ਸਰਵਜੀਤ ਮੁਠੱਡਾਂ, ਗੁਰਮੀਤ ਸਿੰਘ, ਪੰਚ ਸੋਮਾ ਰਾਣੀ ਸਮੇਤ ਕਈਂ ਹੋਰਨਾਂ ਨੇ ਵੀ ਸੰਬੋਧਨ ਕੀਤਾ।