ਚੰਡੀਗੜ੍ਹ, 17 ਨਵੰਬਰ (ਤਰੁਣ ਭਜਨੀ): ਸੈਕਟਰ-25 ਸਥਿਤ ਆਜ਼ਾਦ ਕਾਲੋਨੀ ਵਿਚ ਸ਼ੁਕਰਵਾਰ ਸ਼ਾਮੀ ਬਿਜਲੀ ਦਾ ਬਿਲ ਨਾ ਭਰਨ 'ਤੇ ਬਿਜਲੀ ਕੱਟਣ ਗਏ ਬਿਜਲੀ ਵਿਭਾਗ ਦੇ ਮੁਲਜ਼ਮਾਂ 'ਤੇ ਲੋਕਾਂ ਨੇ ਹਮਲਾ ਕਰ ਦਿਤਾ। ਹਮਲੇ ਵਿਚ ਇਕ ਬਿਜਲੀ ਮੁਲਾਜ਼ਮ ਦੀ ਮੌਤ ਹੋ ਗਈ। ਜਿਸਦੀ ਪਛਾਣ ਹਰਵਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਪੁਲਿਸ ਮੁਤਾਬਕ ਮ੍ਰਿਤਕ ਦੇ ਸ਼ਰੀਰ 'ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਹੈ। ਪੁਲਿਸ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਸਾਰੀ ਘਟਨਾ ਦੀ ਜਾਂਚ ਕਰ ਰਹੀ ਹੈ।ਬਿਜਲੀ ਵਿਭਾਗ ਦੇ ਐਸ.ਡੀ.ਓ. ਅਰਵਿੰਦ ਯਾਦਵ ਨੇ ਦਸਿਆ ਕਿ ਸ਼ੁਕਰਵਾਰ ਸ਼ਾਮੀ 4 ਵਜੇ ਉਹ ਅਪਣੀ ਟੀਮ ਨਾਲ ਆਜ਼ਾਦ ਕਾਲੋਨੀ ਵਿਚ ਬਿਜਲੀ ਦੇ ਬਿਲ ਨਾ ਭਰੇ ਹੋਣ ਕਾਰਨ ਕੁੱਝ ਘਰਾਂ ਦੇ ਕੁਨੈਕਸ਼ਨ ਕੱਟਣ ਗਏ ਸਨ। ਉਨ੍ਹਾਂ ਨਾਲ ਵਿਭਾਗ ਦੇ ਦੋ ਜੇ.ਈ. ਅਤੇ ਅਟੈਂਡੈਂਟ ਵੀ ਮੌਜੂਦ ਸਨ। ਜਿਵੇਂ ਹੀ ਉਹ ਘਰਾਂ ਦੇ ਕੁਨੈਕਸ਼ਨ ਕੱਟਣ ਲੱਗੇ ਤਾਂ ਕੁੱਝ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿਤਾ ਅਤੇ ਉਨ੍ਹਾਂ ਨਾਲ ਧੱਕਾਮੁਕੀ ਕੀਤੀ। ਇਸ ਘਟਨਾ ਵਿਚ ਹਰਵਿੰਦਰ ਨਾਂ ਦਾ ਅਟੈਂਡੇਂਟ ਬੇਹੋਸ਼ ਹੋ ਗਿਆ ਜਿਸ ਨੂੰ ਤੁਰੰਤ ਪੀ.ਜੀ.ਆਈ. ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਅਰਵਿੰਦ ਯਾਦਵ ਨੇ ਦਸਿਆ ਕਿ ਹਮਲਾ ਕਰਨ ਵਾਲਿਆਂ ਵਿਚ ਕੁੱਝ ਕਿਨਰ ਸਮਾਜ ਦੇ ਲੋਕ ਵੀ ਸ਼ਾਮਲ ਸਨ।