ਚੰਡੀਗੜ੍ਹ ਐਸ.ਟੀ. ਅਥਾਰਟੀ ਓਲਾ ਤੇ ਉਬੇਰ ਟੈਕਸੀਆਂ ਤੋਂ ਵਸੂਲੇਗੀ ਐਂਟਰੀ ਟੈਕਸ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 31 ਜਨਵਰੀ (ਸਰਬਜੀਤ ਢਿੱਲੋਂ) : ਸਟੇਟ ਟਰਾਂਸਪੋਰਟ ਅਥਾਰਟੀ ਚੰਡੀਗੜ੍ਹ ਸ਼ਹਿਰ ਵਿਚ ਚੱਲ ਰਹੀਆਂ ਓਲਾ ਅਤੇ ਉਬੇਰ ਨਾਜਾਇਜ਼ ਟੈਕਸੀਆਂ ਵਿਰੁਧ ਸ਼ਿਕੰਜਾ ਕੱਸਣ ਜਾ ਰਿਹਾ ਹੈ। ਸੂਤਰਾਂ ਅਨੁਸਾਰ ਪੰਜਾਬ ਅਤੇ ਹਰਿਆਣਾ 'ਚ ਰਜਿਸਟਰਡ ਟੈਕਸੀਆਂ ਦੇ ਮਾਲਕਾਂ ਨੂੰ ਹਰ 3 ਮਹੀਨਿਆਂ ਬਾਅਦ ਸਟੇਟ ਟਰਾਂਸਪੋਰਟ ਅਥਾਰਟੀ ਨੂੰ 1000 ਰੁਪਏ ਐਂਟਰੀ ਫ਼ੀਸ ਦੇਣੀ ਲਾਜ਼ਮੀ ਕਰ ਦਿਤੀ ਗਈ ਹੈ। ਇਨ੍ਹਾਂ ਟੈਕਸੀ ਮਾਲਕਾਂ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਟਰਾਂਸਪੋਰਟ ਮਹਿਕਮੇ ਨੂੰ ਹੁਣ ਤਕ ਲੱਖ ਰੁਪਏ ਦੀਆਂ ਦੇਣਦਾਰੀਆਂ ਜਮ੍ਹਾਂ ਨਾ ਕਰਾ ਕੇ ਅਤੇ ਭਾਰੀ ਟੈਕਸ ਚੋਰੀ ਕਰ ਕੇ ਕਮਰਸ਼ੀਅਲ ਵਾਹਨ ਚਲਾਏ ਜਾ ਰਹੇ ਹਨ। ਵਿਭਾਗ ਅਜਿਹੇ ਵਾਹਨਾਂ ਨੂੰ ਜ਼ਬਤ ਵੀ ਕਰੇਗਾ। 

ਚੰਡੀਗੜ੍ਹ ਸਟੇਟ ਟਰਾਂਸਪੋਰਟ ਅਥਾਰਟੀ ਦੇ ਸੈਕਟਰ-18 ਦੇ ਇੰਚਾਰਜ ਰਾਜੀਵ ਤਿਵਾੜੀ ਨੇ ਦਸਿਆ ਕਿ ਵਿਭਾਗ ਚੰਡੀਗੜ੍ਹ ਦਾਖ਼ਲ ਹੋਣ ਵਾਲੀਆਂ ਓਲਾ ਤੇ ਉਬੇਰ ਕੰਪਨੀ ਦੀਆਂ ਟੈਕਸੀਆਂ ਕੋਲੋਂ ਪਹਿਲੀ ਫ਼ਰਵਰੀ ਤੋਂ 10 ਫ਼ਰਵਰੀ ਤਕ ਟੈਕਸ ਵਸੂਲਿਆ ਜਾਵੇਗਾ। ਇਸ ਲਈ ਦੋ ਮੁਲਾਜ਼ਮਾਂ ਪੱਕੇ ਤੈਨਾਤ ਕੀਤੇ ਜਾਣਗੇ ਜਿਨ੍ਹਾਂ ਵਲੋਂ ਅਜਿਹੇ ਵਾਹਨਾਂ ਕੋਲੋਂ ਟੈਕਸ ਜਮ੍ਹਾਂ ਕਰਾਉਣ ਦਾ ਹਿਸਾਬ-ਕਿਤਾਬ ਰਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਇਨ੍ਹਾਂ ਕੰਪਨੀਆਂ ਵਲੋਂ ਜੁਲਾਈ-2017 ਤੋਂ ਕੋਈ ਫ਼ੀਸ ਜਮ੍ਹਾਂ ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਵਿਭਾਗ ਦਾ ਅਜਿਹੇ 3500 ਟੈਕਸੀਆਂ ਦੇ ਮਾਲਕਾਂ ਵਲ 70 ਲੱਖ ਰੁਪਏ ਬਕਾਇਆ ਬਣਦਾ ਹੈ। ਉਨ੍ਹਾਂ ਕਿਹਾ ਕਿ ਪਬਲਿਕ ਟਰਾਂਸਪੋਰਟ ਵਿਭਾਗ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਈ ਪੁਆਇੰਟਾਂ 'ਤੇ ਪੈਨਿਕ ਬਟਨ ਲਾਵੇਗਾ ਜਿਥੇ ਟੈਕਸ ਡਿਫ਼ਾਰਲਟਰਾਂ ਨੂੰ ਫੜਿਆ ਜਾ ਸਕੇਗਾ।