ਚੰਡੀਗੜ੍ਹ,
11 ਸਤੰਬਰ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਸ਼ਹਿਰ ਦੀਆਂ 26
ਵੱਡੀਆਂ ਪੇਡ ਪਾਰਕਿੰਗਾਂ ਨੂੰ ਸਮਾਰਟ ਪੇਡ ਪਾਰਕਿੰਗਾਂ 'ਚ ਬਦਲਣ ਲਈ ਤਿਆਰੀਆਂ ਪੂਰੇ
ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਸ ਸਾਲ ਮੁੰਬਈ ਦੀ ਕੰਪਨੀ ਆਰੀਆ ਇੰਫ਼ਰਾ ਪ੍ਰਾ. ਲਿਮ ਨੂੰ
ਨਗਰ ਨਿਗਮ ਵਲੋਂ 14 ਕਰੋੜ 75 ਲੱਖ ਰੁਪਏ ਦਾ ਠੇਕਾ ਦਿਤਾ ਗਿਆ ਹੈ। ਕੰਪਨੀ ਦੇ ਸੂਤਰ
ਅਨੁਸਾਰ ਅਕਤੂਬਰ ਮਹੀਨੇ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਦੇ ਪਾਰਕਿੰਗ ਰੇਟ ਕਈ ਗੁਣਾ ਵਧ
ਜਾਣਗੇ। ਇਸ ਵੇਲੇ ਕੰਪਨੀ ਵਲੋਂ ਟਰਾਇਲ ਵਜੋਂ ਹੀ ਜੁਲਾਈ ਮਹੀਨੇ ਤੋਂ ਪੁਰਾਣੇ ਰੇਟਾਂ
'ਤੇ ਹੀ ਪਾਰਕਿੰਗ ਫ਼ੀਸ ਲਈ ਜਾ ਰਹੀ ਹੈ।
ਸੂਤਰਾਂ ਅਨੁਸਾਰ ਅਗਲੇ ਮਹੀਨੇ ਦੇ ਪਹਿਲੇ
ਹਫ਼ਤੇ ਤੋਂ ਪਹਿਲੇ ਚਾਰ ਘੰਟਿਆਂ ਲਈ ਦੋਪਹੀਆ ਵਾਹਨ ਪਾਰਕਿੰਗ ਦੀ ਫ਼ੀਸ 5 ਰੁਪਏ ਤੇ ਚਾਰ
ਪਹੀਆ ਵਾਹਨ ਲਈ 10 ਰੁਪਏ ਅਦਾ ਕਰਨੇ ਪੈਣਗੇ। ਪਹਿਲੇ ਚਾਰ ਘੰਟਿਆਂ ਤੋਂ ਬਾਅਦ ਪ੍ਰਤੀ
ਦੋ-ਦੋ ਘੰਟਿਆਂ ਦੇ ਹਿਸਾਬ ਨਾਲ ਵਧ ਪਾਰਕਿੰਗ ਫ਼ੀਸ ਵਸੂਲੀ ਜਾਵੇਗੀ। ਬੇਸ਼ਕ ਕੰਪਨੀ ਵਲੋਂ
ਪਾਰਕਿੰਗ ਫ਼ੀਸਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ ਪਰ ਇਸ ਦੇ ਨਾਲ ਹੀ ਚੰਗੀਆਂ ਸਹੂਲਤਾਂ ਵੀ
ਮੁਹਈਆ ਕਰਵਾਈਆਂ ਜਾ ਰਹੀਆਂ ਹਨ।
ਕੰਪਨੀ ਦੇ ਕੋਆਰਡੀਨੇਟ ਸੰਦੀਪ ਵੋਹਰਾ ਨੇ ਰੋਜ਼ਾਨਾ
ਸਪੋਕਸਮੈਨ ਨੂੰ ਦਸਿਆ ਕਿ ਕੰਪਨੀ ਵਲੋਂ ਨਗਰ ਨਿਗਮ ਨੂੰ ਰਹਿ ਗਈਆਂ ਕਮੀਆਂ ਤੇ ਹੋਰ
ਲੋੜੀਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਪੱਤਰ ਲਿਖਿਆ ਹੈ ਕਿ ਜਲਦ ਤੋਂ ਜਲਦ ਸਮਾਰਟ
ਪਾਰਕਿੰਗਾਂ ਲਈ ਪਲੇਟ ਫ਼ਾਰਮ ਤਿਆਰ ਕੀਤਾ ਜਾ ਸਕੇ। ਇੰਫ਼ਰਾ ਕੰਪਨੀ ਵਲੋਂ ਸ਼ਹਿਰ ਦੀਆਂ ਪੇਡ
ਪਾਰਕਿੰਗਾਂ ਦੇ ਨਾਲ ਸੈਕਟਰ 17 ਦੀ ਮਲਟੀਸਟੋਰੀ ਪੇਡ ਪਾਰਕਿੰਗ ਨੂੰ ਚਲਾਉਣ ਲਈ 225 ਦੇ
ਕਰੀਬ ਔਰਤਾਂ ਤੇ 150 ਦੇ ਕਰੀਬ ਮਰਦ ਸਟਾਫ਼ ਅਤੇ ਹੋਰ ਟੈਕਨੀਕਲ ਸਟਾਫ਼ ਨੂੰ ਡਿਊਟੀਆਂ
ਸੰਭਾਲੀਆਂ
ਗਈਆਂ ਹਨ।
ਸਮਾਰਟ ਪੇਡ ਪਾਰਕਿੰਗਾਂ ਵਿਚ ਕੰਪਨੀ ਵਲੋਂ ਸੀ.ਸੀ.ਟੀ.ਵੀ.
ਕੈਮਰੇ, ਸੈਟੇਲਾਈਟ ਕੰਪਿਊਟਰ ਸਰਵਰ ਤੇ ਓ.ਪੀ.ਐਸ. ਸਿਸਟਮ ਜਿਸ ਰਾਹੀਂ ਗਾਹਕ ਮੋਬਾਈਲ ਐਪ
ਰਾਹੀਂ ਪਾਰਕਿੰਗ ਵਿਚ ਖਾਲੀ ਥਾਂ ਲਈ ਬੁਕਿੰਗ ਕਰਵਾ ਸਕਣਗੇ।
ਮਿਊਂਸਪਲ ਕਾਰਪੋਰੇਸ਼ਨ
ਕੰਪਨੀ ਦੇ ਬੰਦਿਆਂ ਵਲੋਂ ਵਾਧੂ ਪੈਸੇ ਵਸੂਲੇ ਜਾਣ ਜਾਂ ਵਾਹਨ ਪਾਰਕਿੰਗ ਨਿਯਮਾਂ ਦੀ
ਉਲੰਘਣਾ ਕਰਨ ਵਾਲਿਆਂ 'ਤੇ ਇਨਫ਼ੋਰਸਮੈਂਟ ਸਟਾਫ਼ ਰਾਹੀਂ ਸਖ਼ਤ ਨਿਗਰਾਨੀ ਰੱਖੇਗੀ। ਇਸ ਦੇ
ਨਾਲ ਕੰਪਨੀ ਵਲੋਂ ਪਾਰਕਿੰਗ 'ਚ ਵਾਹਨ ਖੜ੍ਹੇ ਕਰਨ ਵਾਲਿਆਂ ਨੂੰ ਕੰਪਿਊਟਰਾਈਜ਼ਡ ਟਿਕਟਾਂ
ਹੀ ਦਿਤੀਆਂ ਜਾਣਗੀਆਂ।