ਚੰਡੀਗੜ੍ਹ, 22 ਅਕਤੂਬਰ (ਤਰੁਣ ਭਜਨੀ): ਚੰਡੀਗੜ੍ਹ ਵਿਚ ਆਏ ਦਿਨ ਲੜਕੀਆਂ ਦਾ ਪਿਛਾ ਕਰਨਾ ਅਤੇ ਉਨ੍ਹਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਹਾਲਾਂਕਿ ਚੰਡੀਗੜ੍ਹ ਪੁਲਿਸ ਇਨ੍ਹਾਂ ਛੇੜਛਾੜ ਕਰਨ ਵਾਲਿਆਂ ਵਿਰੁਧ ਸਖ਼ਤੀ ਨਾਲ ਪੇਸ਼ ਆ ਰਹੀ ਹੈ। ਇਸ ਦੇ ਬਾਵਜੂਦ ਨੌਜਵਾਨ ਲੜਕੀਆਂ ਨਾਲ ਛੇੜਛਾੜ ਅਤੇ ਹੋਰ ਗ਼ਲਤ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆ ਰਹੇ। 4-5 ਅਗੱਸਤ ਦੀ ਰਾਤ ਨੂੰ ਆਈ.ਏ.ਐਸ. ਅਧਿਕਾਰੀ ਦੀ ਧੀ ਵਰਣਿਕਾ ਕੁੰਡੂ ਦਾ ਗੱਡੀ 'ਤੇ ਪਿੱਛਾ ਕਰ ਕੇ ਉਸ ਨਾਲ ਛੇੜਛਾੜ ਅਤੇ ਫਿਰ ਅਗ਼ਵਾ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਦੀ ਗ੍ਰਿਫ਼ਤਾਰੀ ਨੇ ਪੂਰੇ ਦੇਸ਼ ਵਿਚ ਚੰਡੀਗੜ੍ਹ ਵਰਗੇ ਸੁਰੱਖਿਅਤ ਮੰਨੇ ਜਾਣ ਵਾਲੇ ਸ਼ਹਿਰ ਦਾ ਅਕਸ ਖ਼ਰਾਬ ਕੀਤਾ ਸੀ ਪਰ ਇਸ ਘਟਨਾ ਤੋਂ ਬਾਅਦ ਵੀ ਨੌਜਵਾਨਾਂ ਦੇ ਹੋਸ਼ ਠਿਕਾਣੇ ਨਹੀਂ ਆਏ ਅਤੇ ਬਾਅਦ ਵਿਚ ਵੀ ਕਈ ਮਾਮਲੇ ਸਾਹਮਣੇ ਆਏ ਜਿਸ ਵਿਚ ਲੜਕੀਆਂ ਨਾਲ ਰਾਤ ਦੇ ਸਮੇਂ ਸ਼ਰੇਆਮ ਛੇੜਛਾੜ ਕੀਤੀ ਗਈ।ਨਵਾਂ ਮਾਮਲਾ ਬੀਤੇ ਸਨਿਚਰਵਾਰ ਦਾ ਹੈ ਜਿਸ ਵਿਚ ਸੈਕਟਰ-44 ਵਿਚ ਟਿਊਸ਼ਨ ਪੜ੍ਹ ਕੇ ਵਾਪਸ ਘਰ ਜਾ ਰਹੀ ਇਕ ਨਾਬਾਲਗ਼ ਲੜਕੀ ਦਾ ਨੌਜਵਾਨ ਵਲੋਂ ਪਿਛਾ ਕੀਤਾ ਗਿਆ। ਲੜਕੀ ਨੇ ਘਰ ਜਾ ਕੇ ਜਦ ਇਸ ਬਾਰੇ ਅਪਣੇ ਪਿਤਾ ਨੂੰ ਦਿਤੀ ਤਾਂ ਉਨ੍ਹਾਂ ਇਸ ਦੀ ਸ਼ਿਕਾਇਤ ਸੈਕਟਰ-34 ਥਾਣਾ ਪੁਲਿਸ ਨੂੰ ਦਿਤੀ। ਪੁਲਿਸ ਨੇ ਕੁੱਝ ਸਮੇਂ ਬਾਅਦ ਹੀ ਮੁਨਿਸ਼ ਨਾਂ ਦੇ ਨੌਜਵਾਨ ਵਿਰੁਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸੇ ਤਰ੍ਹਾਂ ਸਤੰਬਰ ਮਹੀਨੇ ਵਿਚ ਇਕ ਲੜਕੀ ਨੇ ਕੰਟਰੋਲ ਰੂਮ 'ਤੇ ਫ਼ੋਨ ਕਰ ਕੇ ਦਸਿਆ ਕਿ ਇਕ ਲੜਕਾ ਕਾਰ ਵਿਚ ਉਸ ਦਾ ਪਿਛਾ ਕਰ ਰਿਹਾ ਹੈ ਅਤੇ ਉਸ ਨੂੰ ਜਬਰਦਸਤੀ ਗੱਡੀ ਵਿਚ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੁਲਿਸ ਨੇ ਪਹੁੰਚ ਕੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਲੜਕੀ ਕਾਲ ਸੈਂਟਰ ਤੋਂ ਕੰਮ ਖ਼ਤਮ ਕਰਕੇ ਅਪਣੇ ਘਰ ਰਾਤ ਨੂੰ ਵਾਪਸ ਜਾ ਰਹੀ ਸੀ।