ਚੰਡੀਗੜ੍ਹ 'ਚ ਪੰਜਾਬੀ ਦੀ ਬਹਾਲੀ ਲਈ ਪਿੰਡ ਬਹਿਲਾਣਾ ਹੋਵੇਗਾ ਸੱਭ ਤੋਂ ਮੂਹਰੇ

ਚੰਡੀਗੜ੍ਹ, ਚੰਡੀਗੜ੍ਹ



ਚੰਡੀਗੜ੍ਹ, 12 ਸਤੰਬਰ (ਨੀਲ ਭਲਿੰਦਰ) : ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਬਣਦਾ ਉਸ ਦਾ ਸਥਾਨ ਦਿਵਾਉਣ ਲਈ ਸੰਘਰਸ਼ ਕਰ ਰਹੀ ਚੰਡੀਗੜ੍ਹ ਪੰਜਾਬੀ ਮੰਚ ਦੇ ਬੈਨਰ ਹੇਠ ਪਿੰਡ ਬਹਿਲਾਣਾ ਵਿਖੇ ਇਕ ਭਖਵੀਂ ਬੈਠਕ ਹੋਈ। ਮੰਚ ਦੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਦੀ ਅਗਵਾਈ ਵਿਚ ਸਮੂਹ ਬੁਲਾਰਿਆਂ ਨੇ 1 ਨਵੰਬਰ ਦੇ ਧਰਨੇ ਵਿਚ ਸ਼ਾਮਲ ਹੋ ਕੇ ਪੰਜਾਬੀ ਦੀ ਬਹਾਲੀ ਲਈ ਸੰਘਰਸ਼ ਦਾ ਐਲਾਨ ਕੀਤਾ।

ਇਸ ਮੌਕੇ ਪਿੰਡ ਬਹਿਲਾਣਾ ਦੀ ਸਮੂਹ ਇਕੱਤਰਤਾ ਨੇ ਅਹਿਦ ਲਿਆ ਕਿ ਜਦੋਂ ਤਕ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਕੰਮਕਾਜ ਦੀ ਭਾਸ਼ਾ ਨਹੀਂ ਬਣਾ ਦਿੱਤਾ ਜਾਂਦਾ, ਉਸ ਦਿਨ ਤੱਕ ਅਸੀਂ ਆਰਾਮ ਨਾਲ ਨਹੀਂ ਬੈਠਾਂਗੇ। ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ ਮਾਂ ਬੋਲੀ ਪੰਜਾਬੀ ਦੀ ਬਹਾਲੀ ਲਈ 1 ਨਵੰਬਰ ਨੂੰ ਗਵਰਨਰ ਹਾਊਸ ਦਾ ਘਿਰਾਉ ਕਰਨ ਲਈ ਹੋਣ ਵਾਲੀ ਇਕੱਤਰਤਾ ਵਿਚ ਪਿੰਡ ਬਹਿਲਾਣਾ ਸੱਭ ਤੋਂ ਮੂਹਰੇ ਹੋਵੇਗਾ।

ਇਸ ਮੌਕੇ ਪਿੰਡ ਵਾਸੀਆਂ ਵਲੋਂ ਖਾਸ ਕਰ ਕੇ ਬਹਿਲਾਣਾ ਦੇ ਨੌਜਵਾਨ ਮੁੰਡੇ-ਕੁੜੀਆਂ ਅਤੇ ਬੱਚਿਆਂ ਨੇ ਪੰਜਾਬ ਦੇ ਗਵਰਨਰ ਦੇ ਨਾਂ ਖ਼ੱਤ ਲਿਖ ਕਿ ਅਸੀਂ 1 ਨਵੰਬਰ ਨੂੰ ਪੰਜਾਬੀ ਦਾ ਬਣਦਾ ਹੱਕ ਹਾਸਲ ਕਰਨ ਲਈ ਆ ਰਹੇ ਹਾਂ। ਇਸ ਬੈਠਕ ਨੂੰ ਸੰਬੋਧਨ ਕਰਨ ਵਾਲੇ ਸਮੂਹ ਬੁਲਾਰਿਆਂ ਜਿਨ੍ਹਾਂ ਵਿਚ ਚੰਡੀਗੜ੍ਹ ਪੰਜਾਬੀ ਮੰਚ ਦੇ ਅਹੁਦੇਦਾਰ, ਪੇਂਡੂ ਸੰਘਰਸ਼ ਕਮੇਟੀ ਦੇ ਨੁਮਾਇੰਦੇ, ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਗੁਰਦੁਆਰਾ ਪ੍ਰਬੰਧਕ ਸੰਗਠਨਾਂ ਦੇ ਅਹੁਦੇਦਾਰ ਅਤੇ ਪਿੰਡ ਬਹਿਲਾਣਾ ਦੀ ਲੀਡਰਸ਼ਿਪ ਵੀ ਸ਼ਾਮਲ ਹੋਈ। ਸਭਨਾਂ ਨੇ ਅਪਣੇ ਸੰਬੋਧਨ ਵਿਚ ਇਕ ਨੁਕਾਤੀ ਪ੍ਰੋਗਰਾਮ ਦਿਤਾ ਕਿ ਸਾਡੀ ਇਕੋ-ਇਕ ਮੰਗ ਹੈ ਕਿ ਚੰਡੀਗੜ੍ਹ ਵਿਚ ਪੰਜਾਬੀ ਨੂੰ ਪ੍ਰਸ਼ਾਸਨਿਕ ਭਾਸ਼ਾ ਵਜੋਂ ਲਾਗੂ ਕਰਦਿਆਂ ਪਹਿਲੀ ਭਾਸ਼ਾ ਅਤੇ ਕੰਮਕਾਜ ਦੀ ਭਾਸ਼ਾ ਬਹਾਲ ਕਰੋ। ਇਹੋ ਹੱਕ ਹਾਸਲ ਕਰਨ ਲਈ 1 ਨਵੰਬਰ ਨੂੰ ਗਵਰਨਰ ਹਾਊਸ ਦਾ ਘਿਰਾਉ ਕੀਤਾ ਜਾਵੇਗਾ ਅਤੇ ਸਮੂਹ ਇਕੱਤਰਤਾ ਨੇ ਇਸ ਘਿਰਾਉ 'ਚ ਸ਼ਾਮਲ ਹੋਣ ਦਾ ਅਹਿਦ ਕੀਤਾ।