ਚੰਡੀਗੜ੍ਹ, 6 ਸਤੰਬਰ
(ਛਿੱਬਰ) : ਚੰਡੀਗੜ੍ਹ ਪੰਜਾਬੀ ਮੰਚ ਦੀ ਇਕ ਭਖਵੀਂ ਅਤੇ ਵਿਸ਼ਾਲ ਬੈਠਕ ਪਿੰਡ ਬੁੜੈਲ ਵਿਖੇ
ਹੋਈ। ਜਿਸ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਹਿਤੈਸ਼ੀਆਂ ਦੇ ਨਾਲ ਬਜ਼ੁਰਗ ਮਹਿਲਾਵਾਂ ਤੇ
ਨੌਜਵਾਨ ਮੁੰਡੇ-ਕੁੜੀਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਇਕ ਸੂਤਰੀ ਐਲਾਨ ਇਹੋ ਕੀਤਾ ਗਿਆ
ਕਿ ਜਦੋਂ ਤੱਕ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਉਸ ਦਾ ਰੁਤਬਾ ਹਾਸਲ ਨਹੀਂ ਹੋ
ਜਾਂਦਾ, ਜਦੋਂ ਤੱਕ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਕੰਮ ਕਾਜ ਦੀ ਭਾਸ਼ਾ
ਵਜੋਂ ਬਹਾਲ ਨਹੀਂ ਕਰ ਦਿੱਤਾ ਜਾਂਦਾ ਤਦ ਤੱਕ ਸਾਡਾ ਇਹ ਸੰਘਰਸ਼ ਜਾਰੀ ਰਹੇਗਾ।
ਇਸ
ਮੌਕੇ ਬੁਲਾਰਿਆਂ ਨੇ ਜਦੋਂ ਇਕੱਤਰਤਾ ਨੂੰ ਅਪੀਲ ਕੀਤੀ ਕਿ ਆਗਾਮੀ ਇਕ ਨਵੰਬਰ ਨੂੰ ਗਵਰਨਰ
ਹਾਊਸ ਦੇ ਘਿਰਾਓ ਲਈ ਵੱਡੀ ਗਿਣਤੀ ਵਿਚ ਪੁੱਜਣਾ ਹੈ ਤਾਂ ਪਿੰਡ ਬੁੜੈਲ ਵਾਸੀਆਂ ਨੇ ਬਾਹਾਂ
ਖੜ੍ਹੀਆਂ ਕਰ ਕਿਹਾ 1 ਨਵੰਬਰ ਦੇ ਇਕੱਠ ਵਿਚ ਸਭ ਤੋਂ ਵੱਡੀ ਗਿਣਤੀ ਬੁੜੈਲ ਦੀ ਹੀ
ਹੋਵੇਗੀ।
ਪਿੰਡ ਬੁੜੈਲ ਦੇ ਕਿਲ੍ਹੇ ਵਿਚ ਸਥਿਤ ਗੁਰਦੁਆਰਾ ਸਾਹਿਬ ਦੇ ਗਲਿਆਰੇ 'ਚ
ਹੋਈ ਚੰਡੀਗੜ੍ਹ ਪੰਜਾਬੀ ਮੰਚ ਦੀ ਇਸ ਬੈਠਕ ਦੀ ਪ੍ਰਧਾਨਗੀ ਸਿਰੀਰਾਮ ਅਰਸ਼ ਹੁਰਾਂ ਨੇ ਕੀਤੀ
ਅਤੇ ਮੁੱਖ ਏਜੰਡਾ ਦੇਵੀ ਦਿਆਲ ਸ਼ਰਮਾ ਹੁਰਾਂ ਨੇ ਰੱਖਦਿਆਂ ਹੋਇਆਂ ਕਿਹਾ ਕਿ ਸਾਡੀ
ਇਕੋ-ਇਕ ਮੰਗ ਹੈ ਕਿ ਪੰਜਾਬੀ ਨੂੰ ਚੰਡੀਗੜ੍ਹ 'ਚ ਪਹਿਲੀ ਭਾਸ਼ਾ ਅਤੇ ਕੰਮ ਕਾਜ ਦੀ ਭਾਸ਼ਾ
ਵਜੋਂ ਉਸ ਦੀ ਥਾਂ ਦਿੱਤੀ ਜਾਵੇ। ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਮੰਚ ਤੋਂ
ਸੰਬੋਧਨ ਕਰਨ ਵਾਲੇ ਸੁਖਜੀਤ ਸਿੰਘ, ਗੁਰਪ੍ਰੀਤ ਸਿੰਘ ਸੋਮਲ, ਰਮੇਸ਼ ਸਿੰਘ ਕਜਹੇੜੀ, ਜੋਗਾ
ਸਿੰਘ, ਬਾਬਾ ਗੁਰਦਿਆਲ ਸਿੰਘ, ਕਰਮ ਸਿੰਘ ਵਕੀਲ, ਜੋਗਿੰਦਰ ਸਿੰਘ, ਸਾਬਕਾ ਮੇਅਰ ਸੁਰਿੰਦਰ
ਸਿੰਘ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ ਬੁੜੈਲ, ਮਨਮੋਹਨ ਸਿੰਘ, ਕਸ਼ਮੀਰਾ ਸਿੰਘ,
ਪਿਆਰਾ ਸਿੰਘ, ਬਾਬਾ ਸਾਧੂ ਸਿੰਘ ਤੇ ਦੀਪਕ ਸ਼ਰਮਾ ਚਨਾਰਥਲ ਨੇ ਆਖਿਆ ਕਿ ਸਾਡਾ ਸੰਘਰਸ਼ ਉਸ
ਦਿਨ ਤੱਕ ਜਾਰੀ ਰਹੇਗਾ ਜਦੋਂ ਤੱਕ ਪੰਜਾਬੀ ਨੂੰ ਅਸੀਂ ਉਸ ਦਾ ਬਣਦਾ ਸਨਮਾਨਜਨਕ ਥਾਂ ਨਹੀਂ
ਦਿਵਾ ਦਿੰਦੇ।
ਬੁਲਾਰਿਆਂ ਨੇ ਇਹ ਵੀ ਸਾਫ਼ ਕਿਹਾ ਕਿ ਨਾ ਤਾਂ ਕਿਸੇ ਹੋਰ ਭਾਸ਼ਾ ਦੇ ਖਿਲਾਫ਼
ਹਾਂ ਤੇ ਨਾ ਹੀ ਅਸੀਂ ਸੰਵਿਧਾਨ ਤੋਂ ਬਾਹਰ ਜਾ ਕੇ ਕਾਨੂੰਨ ਭੰਗ ਕਰਾਂਗੇ। ਪਰ ਸੰਵਿਧਾਨਕ
ਹੱਕ ਦੀ ਲੜਾਈ ਹਿੱਕ ਤਾਣ ਕੇ ਲੜਾਂਗੇ। ਬੁਲਾਰਿਆਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ
ਪੰਜਾਬੀ ਹਿਤੈਸ਼ੀ ਬਣਨ ਦੇ ਲਈ ਕੁੱਝ ਸ਼ਰਾਰਤੀ ਅਨਸਰ ਜਿਹੋ ਜਿਹੀਆਂ ਹਰਕਤਾਂ ਸਿਆਹੀ ਸਿੱਟਣ
ਵਾਲੀਆਂ, ਕਾਲਖ ਪੋਤਣ ਵਾਲੀਆਂ ਜਾਂ ਕਿਸੇ ਸਿਆਸੀ ਦਲਾਂ ਦੇ ਲੀਡਰਾਂ ਖਿਲਾਫ਼ ਭੱਦੀ
ਸ਼ਬਦਾਵਲੀ ਵਰਤਣ ਵਾਲੀਆਂ, ਅਜਿਹੇ ਲੋਕਾਂ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਇਸ ਬੈਠਕ ਦੀ
ਸਾਰੀ ਕਾਰਵਾਈ ਜੋਗਿੰਦਰ ਸਿੰਘ ਬੁੜੈਲ ਹੁਰਾਂ ਨੇ ਬਾਖੂਬੀ ਅਦਾ ਕੀਤੀ ਅਤੇ ਅੰਤ ਵਿਚ
ਸਭਨਾਂ ਦਾ ਧੰਨਵਾਦ ਕਰਦਿਆਂ ਸਿਰੀਰਾਮ ਅਰਸ਼ ਨੇ ਕਿਹਾ ਕਿ ਇਹ ਲੜਾਈ ਧਰਮਾਂ, ਫਿਰਕਿਆਂ ਤੋਂ
ਉਪਰ ਉਠ ਕੇ ਸਾਨੂੰ ਸਭ ਨੂੰ ਲੜਨੀ ਪੈਣੀ ਹੈ।
ਜ਼ਿਕਰਯੋਗ ਹੈ ਕਿ 1 ਨਵੰਬਰ ਨੂੰ ਗਵਰਨਰ
ਹਾਊਸ ਦੇ ਘਿਰਾਓ ਨੂੰ ਲੈ ਕੇ ਲਗਾਤਾਰ ਚੱਲ ਰਹੀਆਂ ਅਜਿਹੀਆਂ ਬੈਠਕਾਂ ਵਿਚੋਂ ਇਕ ਬੈਠਕ
ਗੁਰਰਾਜ ਸਿੰਘ ਅਤੇ ਮੋਹਨ ਸਿੰਘ ਦੀ ਅਗਵਾਈ ਹੇਠ ਪਿੰਡ ਡੱਡੂ ਮਾਜਰਾ ਵਿਖੇ ਹੋਈ ਜਿਸ ਵਿਚ
ਚੰਡੀਗੜ੍ਹ ਪੰਜਾਬੀ ਮੰਚ ਦੇ ਨਾਲ-ਨਾਲ ਸਮੂਹ ਪੇਂਡੂ ਸੰਘਰਸ਼ ਕਮੇਟੀ ਦੇ ਨੁਮਾਇੰਦੇ,
ਕੇਂਦਰੀ ਲੇਖਕ ਸਭਾ ਅਤੇ ਸਬੰਧਤ ਸਭਾਵਾਂ ਦੇ ਨੁਮਾਇੰਦੇ ਅਤੇ ਗੁਰਦੁਆਰਾ ਪ੍ਰਬੰਧਕ
ਸੰਗਠਨਾਂ ਦੇ ਅਹੁਦੇਦਾਰਾਂ ਨੇ ਵੀ ਸ਼ਿਰਕਤ ਕੀਤੀ ਅਤੇ ਪੰਜਾਬੀ ਬਹਾਲੀ ਦੀ ਮੰਗ ਮੁੜ
ਦੁਹਰਾਈ। ਇਸ ਮੌਕੇ ਅਮਰੀਕ ਸਿੰਘ ਹੁਰਾਂ ਨੇ ਸਭਨਾਂ ਦਾ ਧਨਵਾਦ ਕੀਤਾ।