ਚੰਡੀਗੜ੍ਹ ਦੇ ਕਈ ਅਫ਼ਸਰ ਫ਼ਾਰਗ਼, ਹੋਰ ਨਵੇਂ ਚਿਹਰੇ ਹੋਣਗੇ ਸ਼ਾਮਲ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 13 ਅਕਤੂਬਰ (ਸਰਬਜੀਤ ਢਿੱਲੋਂ) : ਯੂ.ਟੀ. ਪ੍ਰਸ਼ਾਸਨ ਅਤੇ ਮਿਊਂਸਪਲ ਕਾਰਪੋਰੇਸ਼ਨ 'ਚ ਪੁਰਾਣੇ ਅਧਿਕਾਰੀਆਂ ਦੇ ਫ਼ਾਰਗ਼ ਹੋਣ ਨਾਲ ਅਗਲੇ ਦਿਨਾਂ ਵਿਚ ਇਨ੍ਹਾਂ ਦੀ ਥਾਂ ਨਵੇਂ ਅਫ਼ਸਰ ਆ ਜਾਣਗੇ। ਕੁੱਝ ਨਵੇਂ ਅਧਿਕਾਰੀ ਤਾਇਨਾਤ ਵੀ ਕੀਤੇ ਗਏ ਹਨ ਅਤੇ ਕਈਆਂ ਦੇ ਡੈਪੂਟੇਸ਼ਨ 'ਤੇ ਆਉਣ ਦੀ ਉਡੀਕ ਕਰਨੀ ਪਵੇਗੀ। ਚੰਡੀਗੜ੍ਹ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਪਿਛਲੇ ਕਈ ਮਹੀਨਿਆਂ ਤੋਂ ਕੇਂਦਰ ਵਲੋਂ ਯੂ.ਟੀ. 'ਚ ਤਾਇਨਾਤ ਅਤੇ ਵਿਵਾਦਾਂ 'ਚ ਘਿਰੀ ਐਸ.ਡੀ.ਐਮ. ਸਾਊਥ ਅਤੇ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਯੂਟੀ. ਕੇਡਰ ਦੀ ਆਈ.ਏ.ਐਸ. ਅਧਿਕਾਰੀ ਕੀਰਤੀ ਗਰਗ ਨੂੰ 16 ਅਕਤੂਬਰ ਨੂੰ ਚੰਡੀਗੜ੍ਹ ਤੋਂ ਰਿਲੀਵ ਕਰਨ ਦੇ ਹੁਕਮ ਜਾਰੀ ਕਰ ਦਿਤੇ ਹਨ। ਕੀਰਤੀ ਗਰਗ ਨੂੰ ਅੰਡੇਮਾਨ ਨਿਕੋਬਾਰ 'ਚ ਨਵੀਂ ਨਿਯੁਕਤੀ ਮਿਲੀ ਹੈ। ਉਨ੍ਹਾਂ ਦੀ ਥਾਂ 'ਤੇ ਵਿਭਾਗ ਦੀ ਜ਼ਿੰਮੇਵਾਰੀ ਹੁਣ 2015 ਬੈਚ ਦੇ ਨੌਜਵਾਨ ਆਈ.ਏ.ਐਸ. ਅਫ਼ਸਰ ਸੌਰਭ ਮਿਸ਼ਰਾ ਨੂੰ ਬਤੌਰ ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਦੀ ਜ਼ਿੰਮੇਵਾਰੀ ਦਿਤੀ ਗਈ ਹੈ। 

ਉਹ ਐਸ.ਡੀ.ਐਮ. ਸਾਊਥ ਤੇ ਸੈਂਟਰਲ ਅਤੇ ਕਈ ਹੋਰ ਵਿਭਾਗਾਂ ਦੀ ਵੀ ਦੇਖ-ਰੇਖ ਕਰਨਗੇ। ਇਸ ਤੋਂ ਪਹਿਲਾਂ ਮਿਊਂਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਤੇ ਪੰਜਾਬ ਕੇਡਰ ਦੇ ਆਈ.ਏ.ਐਸ. ਅਧਿਕਾਰੀ ਬਾਲਦਿਉ ਪਾਰਸੂਆਰਥਾ ਨੂੰ ਕੇਂਦਰੀ ਸ਼ਹਿਰੀ ਮੰਤਰਾਲੇ ਭਾਰਤ ਸਰਕਾਰ ਦਿੱਲੀ 'ਚ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਦੇ ਨਿਜੀ ਸਕੱਤਰ ਵਜੋਂ ਨਿਯੁਕਤ ਕਰ ਦਿਤਾ ਗਿਆ ਸੀ। ਉਨ੍ਹਾਂ ਦੀ ਥਾਂ 'ਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜਤਿੰਦਰ ਯਾਦਵ ਆਈ.ਏ.ਐਸ. ਤੇ ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਨੂੰ ਕਾਰਜਕਾਰੀ ਤੌਰ 'ਤੇ ਮਿਊਂਸਪਲ ਕਾਰਪੋਰੇਸ਼ਨ ਦਾ ਵਾਧੂ ਜਿੰਮਾ ਬਤੌਰ ਕਮਿਸ਼ਨਰ ਅਤੇ 'ਸਮਾਰਟੀ ਸਿਟੀ' ਪ੍ਰਾਜੈਕਟ ਦਾ ਚੀਫ਼ ਐਗਜੈਕਟਿਵ ਨਿਯੁਕਤ ਕੀਤਾ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਦੇ ਕੋਟੇ ਦੀ ਇਸ ਅਸਾਮੀ 'ਤੇ ਪੰਜਾਬ ਨੇ ਨਵਾਂ ਪੈਨਲ ਨਹੀਂ ਭੇਜਿਆ। ਸਿਟਕੋ ਦੀ ਐਮ.ਡੀ. ਵੀ ਰਿਲੀਵ: ਚੰਡੀਗੜ੍ਹ ਪ੍ਰਸ਼ਾਸਨ 'ਚ ਪੰਜਾਬ ਕੇਡਰ ਦੀ ਆਈ.ਏ.ਐਸ. ਅਫ਼ਸਰ ਅਤੇ ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਪਹਿਲੇ ਕਮਿਸ਼ਨਰ ਬਾਲਦਿਉ ਪਾਰਸੂਆਰਥਾ ਦੀ ਧਰਮ ਪਤਨੀ ਕਵਿਤਾ ਸਿੰਘ ਦਾ ਯੂ.ਟੀ. 'ਚ ਲਗਾਤਾਰ 3 ਸਾਲਾਂ ਦਾ ਕਾਰਜਕਾਲ 15 ਅਕਤੂਬਰ ਨੂੰ ਸਮਾਪਤ ਹੋਣ ਬਾਅਦ ਪ੍ਰਸ਼ਾਸਨ ਨੇ ਉਸ ਨੂੰ ਵੀ ਪੰਜਾਬ ਲਈ ਰਿਲੀਵ ਕਰਨ ਦੇ ਹੁਕਮ ਜਾਰੀ ਕਰ ਦਿਤੇ ਹਨ। ਨਵੇਂ ਪੀ.ਸੀ.ਐਸ., ਆਈ.ਏ.ਐਸ. ਤੇ ਐਚ.ਸੀ.ਐਸ. ਛੇਤੀ ਕਰਨਗੇ ਜੁਆਇਨ: ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਸੋਨਲ ਵਿਭਾਗ ਦੇ ਸਕੱਤਰ ਅਨੁਸਾਰ ਉਨ੍ਹਾਂ ਚੰਡੀਗੜ੍ਹ ਪ੍ਰਸ਼ਾਸਨ 'ਚ ਪੰਜਾਬ ਕੇਡਰ ਦੇ ਦੋ ਆਈ.ਏ. ਅਫਸਰਾਂ, ਹਰਿਆਣਾ ਤੋਂ ਮੌਜੂਦਾ ਗ੍ਰਹਿ ਸਕੱਤਰ ਅਨਿਲ ਕੁਮਾਰ ਦੀ ਥਾਂ 'ਤੇ ਨਵੇਂ ਆਈ.ਏ.ਐਸ., ਐਚ.ਸੀ.ਐਸ. ਅਤੇ ਪੰਜਾਬ ਤੋਂ ਨਵੇਂ ਪੀ.ਸੀ.ਐਸ. ਅਫ਼ਸਰਾਂ ਨੂੰ ਡੈਪੂਟੇਸ਼ਨ 'ਤੇ ਭੇਜਣ ਲਈ ਪੱਤਰ ਲਿਖਿਆ ਹੈ।