ਚੰਡੀਗੜ੍ਹ ਸਟੇਟ ਟਰਾਂਸਪੋਰਟ ਵਿਭਾਗ 'ਬਾਈਕ ਕੈਬ ਸਰਵਿਸ' ਬਾਰੇ 21 ਨੂੰ ਕਰੇਗਾ ਫ਼ੈਸਲਾ

ਚੰਡੀਗੜ੍ਹ, ਚੰਡੀਗੜ੍ਹ



ਚੰਡੀਗੜ੍ਹ, 18 ਸਤੰਬਰ (ਸਰਬਜੀਤ ਸਿੰਘ) : ਸਟੇਟ ਟਰਾਂਸਪੋਰਟ ਅਥਾਰਟੀ ਚੰਡੀਗੜ੍ਹ ਵਲੋਂ 21 ਸਤੰਬਰ ਨੂੰ ਚੰਡੀਗੜ੍ਹ ਸ਼ਹਿਰ 'ਚ ਪੰਜਾਬ ਦੀ ਤਰਜ਼ 'ਤੇ 'ਬਾਈਕ ਕੈਬ ਸਰਵਿਸ' ਸ਼ੁਰੂ ਕਰਨ ਲਈ ਪ੍ਰਵਾਨਗੀ ਦੇਣ ਬਾਰੇ ਫ਼ੈਸਲਾ ਕਰਨ ਜਾ ਰਿਹਾ ਹੈ।

ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸ਼ਹਿਰ ਵਾਸੀਆਂ ਨੂੰ ਸਸਤੀ ਤੇ ਕਿਫ਼ਾਇਤੀ ਦਰਾਂ 'ਤੇ ਸੇਵਾ ਦੇਣ ਲਈ ਟਰਾਂਸਪੋਰਟ ਵਿਭਾਗ ਨੇ ਨਵੀਂ ਨੀਤੀ ਤਿਆਰ ਕੀਤੀ ਹੈ। ਦਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਇਸੇ ਸਾਲ 21 ਜੁਲਾਈ 2017 ਨੂੰ ਮੋਟਰ ਬਾਈਕ ਕੈਬ ਸੇਵਾ ਸ਼ੁਰੂ ਕੀਤੀ ਸੀ ਪ੍ਰੰਤੂ ਚੰਡੀਗੜ੍ਹ ਪ੍ਰਸ਼ਾਸਨ ਕੋਲੋਂ ਸ਼ਹਿਰ 'ਚ ਚਲਾਉਣ ਦੀ ਪ੍ਰਵਾਨਗੀ ਨਹੀਂ ਲਈ ਸੀ ਜਿਸ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੇ ਚਲਾਨ ਕੱਟਣੇ ਸ਼ੁਰੂ ਕਰ ਦਿਤੇ ਸਨ।

ਚੰਡੀਗੜ੍ਹ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਦੇ ਸੈਕਟਰੀ ਕੇ.ਕੇ. ਜਿੰਦਲ ਅਨੁਸਾਰ ਓਲਾ ਤੇ ਉਬੇਰ ਕੰਪਨੀ ਵਲੋਂ ਇਸ ਸੇਵਾ ਲਈ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਵਾਰੀਆਂ ਦੀ ਹਿਫ਼ਾਜ਼ਤ ਲਈ ਮੋਟਰ ਵਾਹਨਾਂ ਤੇ ਗੱਡੀਆਂ 'ਚ ਜੀ.ਪੀ.ਆਰ.ਐਸ ਸਿਸਟਮ ਲਾਗੂ ਕੀਤਾ ਜਾਵੇਗਾ।

ਸਟੇਟ ਟਰਾਂਸਪੋਰਟ ਅਥਾਰਟੀ ਦੇ ਇੰਚਾਰਜ ਰਾਜੀਵ ਤਿਵਾੜੀ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਥਾਰਟੀ ਵਲੋਂ ਹੀ ਕੰਟਰੈਕਟ ਦੇ ਆਧਾਰ 'ਤੇ ਪਰਮਿਟ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 21 ਸਤੰਬਰ ਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ ਨਿਯਮ ਸਖ਼ਤੀ ਨਾਲ ਲਾਗੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਬਾਈਕ ਕੈਬ ਮਨਮਰਜ਼ੀ ਦੇ ਰੇਟ ਵਸੂਲ ਨਹੀਂ ਕਰ ਸਕੇਗਾ ਸਗੋਂ ਉਹੀ ਰੇਟ ਵਸੂਲੇਗਾ ਜਿਹੜੇ ਪ੍ਰਤੀ ਕਿਲੋਮੀਟਰ ਪ੍ਰਸ਼ਾਸਨ ਤੈਅ ਕਰੇਗਾ।