ਚੰਡੀਗੜ੍ਹ ਯੂਥ ਕਾਂਗਰਸ ਵਲੋਂ ਰੋਸ ਮੁਜ਼ਾਹਰਾ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 27 ਸਤੰਬਰ (ਸਰਬਜੀਤ ਢਿੱਲੋਂ): ਬਨਾਰਸ ਹਿੰਦੂ ਯੂਨੀਵਰਸਟੀ ਉਤਰ ਪ੍ਰਦੇਸ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਸਮੇਂ ਮੁਲਾਕਾਤ ਕਰਨ ਜਾ ਰਹੀਆਂ ਵਿਦਿਆਰਥਣਾਂ ਦੀ ਪੁਲਿਸ ਵਲੋਂ ਕੀਤੀ ਕੁਟਮਾਰ ਵਿਰੁਧ ਰੋਸ ਪ੍ਰਗਟ ਕਰਨ ਲਈ ਸਿਟੀ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਠਾਕੁਰ ਦੀ ਅਗਵਾਈ 'ਚ ਪਾਰਟੀ ਕਾਰਕੁੰਨਾਂ ਵਲੋਂ ਸੈਕਟਰ 18-19 ਦੇ ਚੌਂਕ 'ਤੇ ਭਾਰੀ ਰੁਸ ਮੁਜ਼ਾਹਰਾ ਕੀਤਾ ਗਿਆ।
ਇਹ ਨੌਜਵਾਨਾਂ ਨੇ ਸੈਕਟਰ 18 ਦੀਆਂ ਲਾਇਟ ਪੁਆਇੰਟ ਤੋਂ ਲੈ ਕੇ 17-18 ਚੌਂਕ ਤਕ ਸਾਂਸਦ ਕਿਰਨ ਖੇਰ ਦੇ ਘਰ ਦਾ ਘਿਰਾਉ ਕਰਨ ਲਈ ਵਿਸ਼ਾਲ ਰੋਸ ਮਾਰਚ ਕੱਢਿਆ। ਪ੍ਰਧਾਨ ਨੇ ਕਿਹਾ ਕਿ ਭਾਜਪਾ ਦੇਸ਼ ਨੂੰ ਮੁੜ ਗ਼ਲਾਮੀ ਵੱਲ ਧੱਕ ਰਹੀ ਹੈ।
ਇਸ ਮੌਕੇ ਚੰਡੀਗੜ੍ਹ ਪੁਲਿਸ ਨੇ ਭਾਰੀ ਰੋਕਾਂ ਲਗਾ ਕੇ ਤੇ ਬੈਰੀਕੇਟ ਲਾ ਕੇ ਨੌਜਵਾਨਾਂ ਨੂੰ ਸੈਕਟਰ 18-19 ਦੇ ਚੌਂਕ ਤੋਂ ਅੱਗੇ ਨਹੀਂ ਵਧਣ ਦਿਤਾ। ਇਸ ਮੌਕੇ ਵੱਡੀ ਗਿਣਤੀ 'ਚ ਕਾਂਗਰਸੀ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਮਾਰੂ ਨੀਤੀਆਂ ਵਿਰੁਧ ਅਤੇ ਭਾਜਪਾ ਸਾਂਸਦ ਕਿਰਨ ਖੇਰ ਦੀਆਂ ਸ਼ਹਿਰ ਪ੍ਰਤੀ ਅਸਫ਼ਲਤਾਵਾਂ ਵਿਰੁਧ ਭਾਰੀ ਨਾਹਰੇਬਾਜ਼ੀ ਕਰ ਕੇ ਚੰਗੀ ਭੜਾਸ ਕੱਢੀ। ਪਾਰਟੀ ਪ੍ਰਧਾਨ ਬਿਰੇਂਦਰ ਠਾਕੁਰ ਨੇ ਚੰਡੀਗੜ੍ਹ ਪੁਲਿਸ ਦੇ ਸੈਕਟਰ 29 ਥਾਣੇ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਨੂੰ ਮੈਮੋਰੰਡਮ ਵੀ ਸੌਂਪਿਆ।  ਪੁਲਿਸ ਨੇ ਨੌਜਵਾਨਾਂ ਨੂੰ ਕਾਬੂ ਕਰਨ ਲਈ ਭਾਰੀ ਸੁਰਖਿਆ ਤਾਇਨਾਤ ਕੀਤੀ ਹੋਈ ਸੀ।
ਚੰਡੀਗੜ੍ਹ ਯੂਥ ਕਾਂਗਰਸ ਦੇ ਨਵੇਂ ਚੁਣੇ ਗਏ ਪਾਰਟੀ ਪ੍ਰਧਾਨ ਬਿਰੇਂਦਰ ਠਾਕੁਰ ਨੇ ਕਿਹਾ ਕਿ ਇਸ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਬੇਟੀ ਪੜ੍ਹਾਉ ਬੇਟੀ ਬਚਾਉ' ਦਾ ਦੇਸ਼ ਭਰ 'ਚ ਲੋਕਾਂ 'ਚ ਨਾਹਰਾ ਦੇ ਰਹੇ ਹਨ ਤੇ ਦੂਜੇ ਪਾਸੇ ਨੌਜਵਾਨ ਵਿਦਿਆਰਥਣਾਂ ਉਤੇ ਪੁਲਿਸ ਨੇ ਅੰਨ੍ਹੇਵਾਹ ਲਾਠੀਚਾਰਜ ਕਰ ਕੇ ਉਨ੍ਹਾਂ ਦੀ ਜ਼ੁਬਾਨ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਜੋ ਆਜ਼ਾਦ ਭਾਰਤ 'ਚ ਕਿਸੇ ਗ਼ੁਲਾਮੀ ਨਾਲੋਂ ਘੱਟ ਨਹੀਂ।
ਉਨ੍ਹਾਂ ਨੇ ਦੋਸ਼ੀ ਪੁਲਿਸ ਅਫ਼ਸਰ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ। ਇਸ ਮੌਕੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਹਰਮੇਲ ਕੇਸਰੀ ਤੋਂ ਇਲਾਵਾ ਸੈਂਕੜੇ ਨੌਜਵਾਨਾਂ ਨੇ ਬੜੇ ਜੋਸ਼ੀਲੇ ਢੰਗ ਨਾਲ ਰੋਸ ਮੁਜ਼ਾਹਰੇ 'ਚ ਸ਼ਾਂਤਮਈ ਢੰਗ ਨਾਲ ਹਿੱਸਾ ਲਿਆ।