ਐਸ.ਏ.ਐਸ.
ਨਗਰ, 18 ਸਤੰਬਰ (ਗੁਰਮੁਖ ਵਾਲੀਆ) : ਸੋਮਵਾਰ ਦਿਨ ਦਿਹਾੜੇ ਪਿੰਡ ਚੱਪੜਚਿੜ੍ਹੀ ਨੇੜੇ
ਪ੍ਰੋਡਕਸ਼ਨ ਦਾ ਕੰਮ ਕਰਦੇ ਇਕ ਵਿਅਕਤੀ ਕੋਲੋ ਦੋ ਅਣਪਛਾਤੇ ਨੌਜਵਾਨ ਉਸ ਨਾਲ ਕੁੱਟਮਾਰ ਕਰਨ
ਮਗਰੋਂ ਚਾਕੂ ਦੀ ਨੋਕ 'ਤੇ ਉਸ ਦਾ ਲੱਖਾਂ ਰੁਪਏ ਦਾ ਵਿਡੀਓ ਕੈਮਰਾ ਖੋਹ ਕੇ ਫਰਾਰ ਹੋ
ਗਏ।
ਲੁੱਟ ਦਾ ਸ਼ਿਕਾਰ ਹੋਏ ਮੋਹਾਲੀ ਵਾਸੀ ਹਰਜੀਤ ਮਠਾਰੂ ਨੇ ਦੱਸਿਆ ਕਿ ਉਹ ਦੁਪਹਿਰ
ਕਰੀਬ ਡੇਢ ਕੁ ਵਜੇ ਖਰੜ ਵਿਖੇ ਆਪਣਾ ਪ੍ਰੋਡਕਸ਼ਨ ਦਾ ਕੰਮ ਖਤਮ ਕਰਕੇ ਚੱਪੜ੍ਹਚਿੜ੍ਹੀ ਰਸਤੇ
ਰਾਹੀਂ ਵਾਪਸ ਮੋਹਾਲੀ ਨੂੰ ਪਰਤ ਰਹੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਖਰੜ ਤੋਂ
ਚੱਪੜਚਿੜੀ ਨੂੰ ਮੁੜਦੀ ਰੋਡ 'ਤੇ ਪਹੁੰਚੇ ਤਾਂ ਗੁਰਦੁਆਰੇ ਕੋਲ ਟੀ-ਪੁਆਇੰਟ ਉੱਤੇ ਦੋ
ਪਲਸਰ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਉਸ ਦੇ ਵਿੱਚ ਲਿਆ ਕੇ ਮਾਰੀਆ
ਜਿਸ ਕਾਰਨ ਉਹ ਹੇਠਾਂ ਡਿੱਗ ਪਿਆ ਅਤੇ ਹੇਠਾਂ ਡਿੱਗਣ ਤੋਂ ਬਾਅਦ ਮੋਟਰਸਾਈਕਲ ਦੇ ਮਗਰ
ਬੈਠਾ ਜੋਕਿ ਵੇਖਣ 'ਚ ਬਾਉਂਸਰ ਲੱਗ ਰਿਹਾ ਸੀ ਨੇ ਉੱਤਰ ਕੇ ਉਸ ਦੀ ਕੁੱਟਮਾਰ ਕਰ ਦਿੱਤੀ,
ਜਿਸ ਨੇ ਹੱਥ ਵਿੱਚ ਕਮਾਣੀਦਾਰ ਚਾਕੂ (ਕਿਰਚ ) ਫੜੀ ਹੋਈ ਸੀ। ਕੁੱਟਮਾਰ ਕਰਨ ਤੋਂ ਬਾਅਦ
ਉਸ ਬਾਉਂਸਰ ਨੇ ਉਸਦਾ ਵੀਡੀਓ ਕੈਮਰਾ ਖੋਹ ਲਿਆ 'ਤੇ ਮੋਟਰਸਾਈਕਲ ਉੱਤੇ ਬੈਠ ਕੇ ਆਪਣੇ
ਸਾਥੀ ਨਾਲ ਫਰਾਰ ਹੋ ਗਿਆ। ਪੀੜਤ ਹਰਜੀਤ ਮਠਾਰੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਵਾਰ
100 ਨੰਬਰ ਉੱਤੇ ਫੋਨ ਕੀਤਾ ਗਿਆ ਪਰ ਰੇਂਜ ਘੱਟ ਹੋਣ ਕਰ ਕੇ ਫੋਨ ਵਿਚਾਲੇ ਹੀ ਕੱਟ ਜਾਂਦਾ
ਰਿਹਾ।
ਉਨ੍ਹਾਂ ਅੱਗੇ ਦੱਸਿਆ ਕਿ ਲੁੱਟ ਖੋਹ ਕਰਨ ਆਏ ਨੌਜਵਾਨਾਂ ਨੇ ਪਲਸਰ ਉੱਤੇ
ਨੰਬਰ ਵੀ ਨਹੀਂ ਸੀ ਲਿਖਿਆ ਹੋਈਆ ਅਤੇ ਪਿੱਛਲੀ ਨੰਬਰ ਪਲੇਟ 'ਤੇ ਸਿਰਫ ਸੀਐਚ-03 ਨੰਬਰ
ਲਿਖਿਆ ਹੋਈਆ ਸੀ ਅਤੇ ਬਾਕੀ ਦਾ ਨੰਬਰ ਸਾਫ ਸੀ। ਉਸ ਨੇ ਤੁਰੰਤ ਮੋਹਾਲੀ ਦੇ ਇੰਡਸਟਰੀਅਲ
ਏਰੀਆ ਪੁਲਿਸ ਚੌਂਕੀ ਜਾ ਕੇ ਮਾਮਲੇ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ
ਇੰਡਸਟਰੀਅਲ ਏਰੀਆ ਚੌਂਕੀ ਇੰਚਾਰਜ ਰਾਮ ਦਰਸ਼ਨ ਆਪਣੀ ਪੁਲਿਸ ਪਾਰਟੀ ਨੂੰ ਨਾਲ ਕੇ ਉਸ ਨਾਲ
ਮੌਕਾ-ਏ-ਵਾਰਦਾਤ ਉੱਤੇ ਪਹੁੰਚੇ ਜਿੱਥੇ ਪੁਲਿਸ ਵੱਲੋਂ ਘਟਨਾ ਦਾ ਜਾਇਜਾ ਲਿਆ ਗਿਆ ਪਰ
ਘਟਨਾ ਵਾਲੀ ਥਾਂ ਉਨ੍ਹਾ ਦੇ ਥਾਣੇ ਦੇ ਅਧੀਨ ਨਾ ਆ ਕੇ ਬਲੌਂਗੀ ਥਾਣੇ ਦੇ ਅਧੀਨ ਪੈਂਦੀ ਸੀ
ਜਿਸ ਕਰਕੇ ਪੀੜਤ ਹਰਜੀਤ ਮਠਾਰੂ ਨੇ ਮਾਮਲੇ ਦੀ ਸ਼ਿਕਾਇਤ ਬਲੌਂਗੀ ਥਾਣੇ ਦੇ ਦਿੱਤੀ ਹੈ।
ਇਸ
ਸਬੰਧੀ ਥਾਣਾ ਮੁੱਖੀ ਅਮਰਦੀਪ ਸਿੰਘ ਨੇ ਕਿਹਾ ਕਿ ਸ਼ਿਕਾਇਤ ਉਨ੍ਹਾਂ ਕੋਲ ਆਈ ਹੈ। ਪੁਲਿਸ
ਵੱਲੋਂ ਵੈਰੀਫਾਈ ਕੀਤਾ ਜਾ ਰਿਹਾ ਹੈ , ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।