ਡਾਕਟਰਾਂ ਵਿਰੁਧ ਹਿੰਸਕ ਘਟਨਾਵਾਂ ਵਧੀਆਂ : ਮੈਡੀਕਲ ਐਸੋਸੀਏਸ਼ਨ

ਚੰਡੀਗੜ੍ਹ, ਚੰਡੀਗੜ੍ਹ

 

ਚੰਡੀਗੜ, 1 ਅਕਤੂਬਰ, (ਤਰੁਣ ਭਜਨੀ): ਕੇਂਦਰ ਸਰਕਾਰ ਵਲੋਂ ਡਾਕਟਰਾਂ ਦੀਆਂ ਲੰਮੇ ਸਮੇਂ ਤੋਂ ਲਟਕਾਈਆਂ ਜਾ ਰਹੀਆਂ ਮੰਗਾਂ ਦੇ ਵਿਰੋਧ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਚੰਡੀਗੜ੍ਹ ਗਾਂਧੀ ਜਯੰਤੀ ਦੇ ਦਿਨ ਭੁੱਖ ਹੜਤਾਲ ਕਰੇਗੀ। ਟਰਾਈਸਿਟੀ ਵਿਚ ਐਸੋਸੀਏਸ਼ਨ ਦੇ ਲਗਭਗ 4 ਹਜ਼ਾਰ ਮੈਂਬਰ ਇਸ ਵਿਚ ਸ਼ਾਮਲ ਹੋਣਗੇ। ਆਈਐਮਏ ਮੈਂਬਰ ਆਈਐਮਏ ਕੰਪਲੈਕਸ, ਸੈਕਟਰ 35 'ਚ ਇਕੱਠੇ ਹੋਣਗੇ ਅਤੇ ਇਕ ਜਨਰਲ ਬਾਡੀ ਮੀਟਿੰਗ ਵੀ ਕਰਨਗੇ ਤਾਕਿ ਅਪਣੀਆਂ ਲਟਕ ਰਹੀਆਂ ਮੰਗਾਂ ਨੂੰ ਚੁਕਿਆ ਜਾ ਸਕੇ ਅਤੇ ਅਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪ੍ਰਧਾਨ ਮੰਤਰੀ ਨੂੰ ਇਕ ਖੁਲ੍ਹੀ ਚਿੱਠੀ ਵੀ ਲਿਖੀ ਜਾਵੇਗੀ।

ਆਈ.ਐਮ.ਏ. ਚੰਡੀਗੜ੍ਹ ਦੇ ਪ੍ਰਧਾਨ ਡਾ. ਅਜੇ ਅਗਰਵਾਲ ਨੇ ਕਿਹਾ ਕਿ ਡਾਕਟਰਾਂ ਵਿਰੁਧ ਹਿੰਸਾ ਦੇ ਮਾਮਲੇ ਖ਼ਤਰਨਾਕ ਦਰ ਨਾਲ ਵਧ ਰਹੇ ਹਨ। 'ਪ੍ਰੀਵੈਨਸ਼ਨ ਆਫ਼ ਵਾਇਲੈਂਸ ਅਗੇਂਸਟ ਮੈਡੀਕਲ ਪਰਸਨਲ ਐਂਡ ਅਸਟੈਬਲਿਸ਼ਮੈਂਟ ਐਕਟ, 2009' ਨੂੰ ਲਗਭਗ 19 ਰਾਜਾਂ 'ਚ ਲਾਗੂ ਕੀਤਾ ਗਿਆ ਹੈ ਪਰ ਬੀਤੇ 6-7 ਸਾਲਾਂ 'ਚ ਬਹੁਤ ਘੱਟ ਮਾਮਲੀਆਂ 'ਚ ਹੀ ਦੋਸ਼ੀਆਂ ਨੂੰ ਸਜ਼ਾਵਾਂ ਹੋਈਆਂ ਹਨ।

ਉਨ੍ਹਾਂ ਮੰਗ ਕੀਤੀ ਕਿ ਆਈਪੀਸੀ ਤਹਿਤ ਸੋਧ ਦੀ ਜ਼ਰੂਰਤ ਹੈ ਤਾਕਿ ਡਾਕਟਰਾਂ ਵਿਰੁਧ ਹੋਣ ਵਾਲੀਆਂ ਹਿੰਸਕ ਘਟਨਾਵਾਂ ਨੂੰ ਪ੍ਰਭਾਵੀ ਢੰਗ ਨਾਲ ਰੋਕਿਆ ਜਾ ਸਕੇ ਅਤੇ ਅਜਿਹੇ ਲੋਕਾਂ ਨੂੰ ਕੰਟਰੋਲ ਕੀਤਾ ਜਾ ਸਕੇ, ਉਥੇ ਹੀ ਲਾਪਰਵਾਹੀ ਦੀਆਂ ਸ਼ਿਕਾਇਤਾਂ 'ਤੇ ਧਾਰਾ 304 ਅਤੇ 304ਏ ਤਹਿਤ ਅਪਰਾਧਕ ਮਾਮਲਾ ਦਰਜ ਕਰ ਕੇ ਡਾਕਟਰਾਂ ਦੀ ਗ੍ਰਿਫ਼ਤਾਰੀ ਰੋਜ਼ ਦੀ ਗੱਲ ਬਣ ਗਈ ਹੈ। ਫ਼ਾਰਮਾਂ ਨੂੰ ਪੂਰਾ ਨਾ ਭਰਨਾ, ਜਿਹੜਾ ਪੀਸੀਪੀਐਨਡੀਟੀ ਐਕਟ ਤਹਿਤ ਨਹੀਂ ਹੈ, ਅਜਿਹੀ ਮਾਮੂਲੀ ਗ਼ਲਤੀਆਂ ਦੇ ਨਾਂ 'ਤੇ ਡਾਕਟਰਾਂ 'ਤੇ ਕੇਸ ਚਲਾਏ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਪਿਛਲੇ 4 ਸਾਲਾਂ 'ਚ ਇਕੱਲੇ ਪੰਜਾਬ ਵਿਚ 70 ਤੋਂ ਜ਼ਿਆਦਾ ਡਾਕਟਰਾਂ 'ਤੇ ਕੇਸ ਚਲਾਏ ਗਏ ਹਨ।

ਇਸ ਸਬੰਧੀ ਪੁਲਿਸ ਅਤੇ ਹੋਰ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜਾਂ ਵਿਚ ਸਿਆਸੀ ਲੋਕਾਂ ਦਾ ਹੱਥ ਹੈ।