ਡੇਂਗੂ ਮਗਰੋਂ ਹੋਏ ਅਪੈਂਡਿਕਸ ਨੇ ਲਈ 13 ਸਾਲਾ ਬੱਚੇ ਦੀ ਜਾਨ

ਚੰਡੀਗੜ੍ਹ, ਚੰਡੀਗੜ੍ਹ

ਐਸ.ਏ.ਐਸ. ਨਗਰ, 1 ਨਵੰਬਰ (ਗੁਰਮੁਖ ਸਿੰਘ ਵਾਲੀਆ) : ਮੋਹਾਲੀ ਵਿਚ ਡੇਂਗੂ ਦਾ ਕਹਿਰ ਸਮਾਪਤ ਹੋਣ ਦਾ ਨਾਂ ਨਹੀਂ ਲੈ ਰਿਹਾ। ਭਾਵੇਂ ਨਗਰ ਨਿਗਮ ਵਲੋਂ ਪੂਰੇ ਸ਼ਹਿਰ ਵਿਚ ਲਗਾਤਾਰ ਫ਼ੋਗਿੰਗ ਕਰ ਕੇ ਡੇਂਗੂ 'ਤੇ ਕਾਬੂ ਪਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਰੋਜ਼ਾਨਾ ਹੀ ਡੇਂਗੂ ਨਾਲ ਸ਼ਹਿਰ ਵਿਚ ਲਗਾਤਾਰ ਮੌਤਾਂ ਹੋ ਰਹੀਆਂ ਹਨ। ਤਾਜ਼ਾ ਮਾਮਲੇ ਵਿਚ ਪਿੰਡ ਕੁੰਭੜਾ ਤੋਂ ਕੌਂਸਲਰ ਰਵਿੰਦਰ ਬਿੰਦਰਾ ਦੇ 13 ਸਾਲਾ ਭਤੀਜੇ ਮਨਰਾਜ ਦੀ ਬੀਤੀ ਰਾਤ ਮੈਕਸ ਹਸਪਤਾਲ ਵਿਚ ਮੌਤ ਹੋ ਗਈ। ਉਸ ਦੇ ਪਰਵਾਰਕ ਮੈਂਬਰਾਂ ਨੇ ਕਿਹਾ ਕਿ ਪਹਿਲੇ ਟੈਸਟਾਂ ਵਿਚ ਉਸ ਦੇ ਸੈੱਲ ਘਟੇ ਹੋਏ ਸਨ ਜਿਸ ਦੇ ਚਲਦੇ ਉਸ ਨੂੰ ਫ਼ੋਰਟਿਸ ਹਸਪਤਾਲ ਲਿਜਾਇਆ ਗਿਆ ਸੀ ਪਰ ਫ਼ੋਰਟਿਸ ਵਿਚ ਜਾ ਕੇ ਉਸ ਨੂੰ ਅਪੈਂਡੇਸਾਈਟਿਸ ਹੋ ਗਿਆ ਅਤੇ ਅਪੈਂਡਿਕਸ ਫਟਣ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ। ਉਨ੍ਹਾਂ ਕਿਹਾ ਕਿ ਉਹ ਉਸ ਨੂੰ ਮੈਕਸ ਹਸਪਤਾਲ ਲੈ ਗਏ ਜਿਥੇ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ।ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਹੀ ਮਨਰਾਜ ਦੇ ਪਿਤਾ ਅਤੇ ਕੌਂਸਲਰ ਰਵਿੰਦਰ ਦੇ ਭਰਾ ਦਾਰਾ ਨੂੰ ਵੀ ਡੇਂਗੂ ਹੋ ਗਿਆ ਸੀ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਇਸੇ ਦੌਰਾਨ ਦਾਰਾ ਦੀ ਬੇਟੀ ਨੂੰ ਵੀ ਡੇਂਗੂ ਹੋ ਗਿਆ ਅਤੇ ਉਸ ਨੂੰ ਮੈਕਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਦਾਰਾ ਹਾਲੇ ਪੂਰੀ ਤਰ੍ਹਾਂ ਠੀਕ ਵੀ ਨਹੀਂ ਹੋਇਆ ਸੀ ਕਿ ਮਨਰਾਜ ਬੀਮਾਰ ਹੋ ਗਿਆ। ਉਸ ਨੂੰ ਫ਼ੋਰਟਿਸ 'ਚ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਮੈਕਸ ਹਸਪਤਾਲ Îਭੇਜ ਦਿਤਾ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ। ਕੌਂਸਲਰ ਰਵਿੰਦਰ ਬਿੰਦਰਾ ਨੇ ਕਿਹਾ ਕਿ ਉਨ੍ਹਾਂ ਦਾ ਭਤੀਜਾ ਪਹਿਲਾਂ ਹੀ ਡੇਂਗੂ ਨਾਲ ਪੀੜਤ ਸੀ, ਅਪੈਂਡਿਕਸ ਫਟਣ ਨਾਲ ਉਸ ਦੀ ਇਨਫ਼ੈਕਸ਼ਨ ਬਹੁਤ ਜ਼ਿਆਦਾ ਵੱਧ ਗਈ ਅਤੇ ਉਹ ਅਕਾਲ ਚਲਾਣਾ ਕਰ ਗਿਆ।

ਇਸ ਮੌਕੇ ਮਨਰਾਜ ਦੇ ਘਰ ਪੁੱਜੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਸਿਹਤ ਵਿਭਾਗ ਮੋਹਾਲੀ ਅਤੇ ਨਗਰ ਨਿਗਮ ਪੂਰੀ ਤਰ੍ਹਾਂ ਡੇਂਗੂ ਨਾਲ ਹੋਣ ਵਾਲੀਆਂ ਮੌਤਾਂ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਪੱਧਰ 'ਤੇ ਡੇਂਗੂ ਫੈਲਣ ਦੇ ਬਾਵਜੂਦ ਢੰਗ ਦੀ ਫੋਗਿੰਗ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਫ਼ੇਜ਼ 4 ਵਿਚ ਇਕ ਐਸ.ਪੀ. ਰੈਂਕ ਦੇ ਅਧਿਕਾਰੀ ਨੇ ਫੋਗਿੰਗ ਕਰਨ ਵਾਲੇ ਕਰਮਚਾਰੀਆਂ ਨੂੰ ਦਵਾਈ ਦੀ ਮਿਕਦਾਰ ਬਾਰੇ ਪੁਛਿਆ ਤਾਂ ਕਰਮਚਾਰੀਆਂ ਕੋਲ ਕੋਈ ਜਵਾਬ ਨਹੀਂ ਸੀ। ਕਰਮਚਾਰੀਆਂ ਨੂੰ ਕਹਿਣ ਦੇ ਬਾਵਜੂਦ ਜਿਨ੍ਹਾਂ ਘਰਾਂ ਵਿਚ ਡੇਂਗੂ ਹੋਇਆ ਹੈ, ਉਨ੍ਹਾਂ ਦੇ ਨਾਲ ਦੇ ਘਰਾਂ ਦੇ ਅੰਦਰ ਫੋਗਿੰਗ ਨਹੀਂ ਕੀਤੀ ਜਾਂਦੀ ਅਤੇ ਸਿਰਫ਼ ਸੜਕ 'ਤੇ ਹੀ ਫੋਗਿੰਗ ਕਰ ਕੇ ਬੂਤਾ ਸਾਰਿਆ ਜਾ ਰਿਹਾ ਹੈ ਅਤੇ ਉਸ ਵਿਚ ਵੀ ਦਵਾਈ ਕਿੰਨੀ ਪੈਂਦੀ ਹੈ ਇਸ ਦਾ ਕੋਈ ਪਤਾ ਨਹੀਂ। ਉਨ੍ਹਾਂ ਕਿਹਾ ਕਿ ਡੇਂਗੂ ਨਾਲ ਪਿਛਲੇ ਦਿਨੀਂ ਫ਼ੇਜ਼- 7 ਵਿਚ ਗੁਰਦੁਆਰਾ ਬੀਬੀ ਭਾਨੀ ਦੇ ਨੇੜੇ ਵੀ ਦੋ ਮੌਤਾਂ ਹੋਈਆਂ ਹਨ। ਅੱਜ ਦੁਪਹਿਰ 3.00 ਵਜੇ ਮਨਰਾਜ ਦਾ ਸਸਕਾਰ ਕਰ ਦਿਤਾ ਗਿਆ। ਇਸ ਮੌਕੇ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ, ਬਲਜੀਤ ਸਿੰਘ ਕੁੰਭੜਾ, ਰਜਿੰਦਰ ਸਿੰਘ ਰਾਣਾ, ਸਰਬਜੀਤ ਸਿੰਘ, ਫੂਲਰਾਜ ਸਿੰਘ, ਆਰ ਪੀ ਸ਼ਰਮਾ ਸਮੇਤ ਹੋਰ ਕਈ ਪਤਵੰਤੇ ਅਤੇ ਇਲਾਕਾ ਵਾਸੀ ਹਾਜ਼ਰ ਸਨ।  ਇਸ ਸਬੰਧੀ ਜਦੋਂ ਸਿਵਲ ਸਰਜਨ ਰੀਟਾ ਭਾਰਦਵਾਜ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਵਾਰ-ਵਾਰ ਫ਼ੋਨ ਕਰਨ 'ਤੇ ਫੋਨ ਨਹੀਂ ਚੁਕਿਆ।