ਬਹਾਦਰਗੜ੍ਹ, 28
ਅਗੱਸਤ (ਜਸਬੀਰ ਮੁਲਤਾਨੀ) : ਡੇਰਾ ਸਿਰਸਾ ਮੁਖੀ ਨੂੰ ਅੱਜ ਸਜ਼ਾ ਸੁਣਾਏ ਜਾਣ ਕਾਰਨ ਅਮਨ
ਕਾਨੂੰਨ ਦੀ ਸਥਿਤੀ ਵਿਗੜਨ ਦੇ ਖ਼ਦਸ਼ੇ ਸਦਕਾ ਜ਼ਿਲ੍ਹਾ ਡਿਊਟੀ ਮੈਜਿਸਟਰੇਟ ਵਲੋਂ ਦੁਪਹਿਰ 2
ਵਜੇ ਤੋਂ ਮੁੜ ਅਣਮਿਥੇ ਸਮੇਂ ਲਈ ਕਰਫ਼ੀਊ ਦਾ ਐਲਾਨ ਕਰ ਦਿਤਾ ਗਿਆ। ਜਿਸ ਦੀ ਸੂਚਨਾ
ਮਿਲਦਿਆ ਹੀ ਪੁਲਿਸ ਚੌਕੀ ਬਹਾਦਰਗੜ੍ਹ ਦੇ ਇੰਚਾਰਜ ਕੁਲਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ
ਜਾ ਕੇ ਬਾਜ਼ਾਰ ਬੰਦ ਕਰਵਾਇਆ। ਰੇਹੜੀਆ, ਨਾਜ਼ਾਇਜ਼ ਟੈਕਸੀਆਂ ਅਤੇ ਹੋਰ ਸੜਕ 'ਤੇ ਖੜੇ ਵਾਹਨ
ਚਾਲਕਾਂ ਨੂੰ ਭਜਾਇਆ। ਫ਼ੈਡਰਲ ਮੁਗਲ ਅਤੇ ਮਿਲਕ ਫੂਡ ਫੈਕਟਰੀਆਂ ਦੇ ਵਰਕਰਾਂ ਨੂੰ ਵੀ 2
ਵਜੇ ਤੋਂ ਪਹਿਲਾ ਹੀ ਛੁੱਟੀ ਕਰ ਕੇ ਫੈਕਟਰੀਆਂ ਬੰਦ ਕਰ ਦਿਤੀਆਂ ਗਈਆਂ। ਕੁਝ ਹੀ ਪਲਾਂ
ਵਿਚ ਹਰ ਪਾਸੇ ਸੰਨਾਟਾ ਛਾ ਗਿਆ। ਕਰਫ਼ੀਊ ਦਾ ਅਚਾਨਕ ਮੁੜ ਐਲਾਨ ਹੋਣ ਕਾਰਨ ਰਾਹਗੀਰਾਂ ਨੂੰ
ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਔਰਤਾਂ ਵੀ ਅਪਣੇ-ਅਪਣੇ ਘਰ ਪਰਤਨ ਲਈ ਲੰਮਾ
ਸਮਾਂ ਖੜੀਆਂ ਕਿਸੇ ਸਾਧਨ ਦਾ ਇੰਤਜ਼ਾਰ ਕਰਦੀਆਂ ਦੇਖੀਆਂ ਗਈਆਂ। ਪੁਲਿਸ ਪਾਰਟੀਆਂ ਵਲੋਂ
ਸੂਚਨਾ ਵਾਹਨਾਂ ਰਾਹੀਂ ਇਲਾਕਾ ਨਿਵਾਸੀਆਂ ਨੂੰ ਸ਼ਾਤੀ ਬਣਾਈ ਰੱਖਣ ਦੀ ਬਾਰ-ਬਾਰ ਅਪੀਲ
ਕੀਤੀ ਜਾਂਦੀ ਰਹੀ। ਇਸ ਮੌਕੇ ਚੌਕੀ ਇੰਚਾਰਜ ਕੁਲਦੀਪ ਸਿੰਘ ਨੇ ਕਿਹਾ ਕਿ ਕਰਫ਼ਿਊ ਸਿਰਫ਼
ਹਾਲਾਤ ਨੂੰ ਦੇਖ ਦੇ ਲਾਇਆ ਗਿਆ ਹੈ, ਲੋਕ ਬੇਫ਼ਿਕਰ ਰਹਿਣ, ਕਿਸੇ ਨੂੰ ਵੀ ਕੋਈ ਸਮੱਸਿਆ
ਨਹੀਂ ਆਉਣ ਦਿਤੀ ਜਾਵੇਗੀ। ਇਹ ਜ਼ਿਆਦਾ ਲੰਮਾ ਸਮਾਂ ਚੱਲਣ ਵਾਲਾ ਨਹੀਂ ਹੈ।