ਚੰਡੀਗੜ੍ਹ - ਇੱਕ ਪਰਿਵਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਤੋਂ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਹੋਈ ਹੈ, ਉਸ ਤੋਂ ਬਾਅਦ ਉਨ੍ਹਾਂ ਦੀ ਲੜਕੀ ਲਾਪਤਾ ਹੈ। ਇਹ ਲੜਕੀ ਡੇਰਾ ਸੱਚਾ ਸੌਦਾ ਕੰਪਲੈਕਸ ਸਿਰਸਾ 'ਚ ਪੜ੍ਹ ਰਹੀ ਸੀ। ਹਰਿਆਣਾ 'ਚ ਤਿਵਾਲਾ ਦੇ ਇਸ ਪਰਿਵਾਰ ਨੇ ਦਾਅਵਾ ਕੀਤਾ ਕਿ ਉਹ ਆਪਣੀ ਲੜਕੀ ਸ਼ਰਧਾ ਨਾਲ 2008 ਤੋਂ ਸੰਪਰਕ ਵਿਚ ਨਹੀਂ ਹੈ। ਲੜਕੀ ਦੇ ਚਚੇਰੇ ਭਰਾ ਨੇ ਕਿਹਾ ਕਿ ਉਸ ਨੂੰ ਆਖ਼ਰੀ ਸਮੇਂ ਸ਼ਰਧਾ ਸਬੰਧੀ ਉਸ ਸਮੇਂ ਜਾਣਕਾਰੀ ਮਿਲੀ, ਜਦੋਂ ਡੇਰੇ ਵੱਲੋਂ ਜਾਰੀ ਹੁੰਦੇ ਮੈਗਜ਼ੀਨ ਵਿਚ ਸ਼ਰਧਾ ਨੂੰ ਯੋਗਾ ਅਭਿਆਸ ਵਜੋਂ ਦਰਸਾਇਆ ਗਿਆ ਸੀ।
ਲੜਕੀ ਦੇ ਪਰਿਵਾਰ ਵੱਲੋਂ ਆਪਣੇ ਪਿੰਡ ਵਾਸੀਆਂ ਸਮੇਤ ਸ਼ਰਧਾ ਨੂੰ ਸਿਰਸਾ ਵਿਚ ਲੱਭਿਆ ਜਾ ਰਿਹਾ ਹੈ। ਸਾਹੇ ਬੇਟੀਆਂ ਬਸੇਰਾ ਦੀ ਨਿਗਰਾਨ ਪੂਨਮ ਦਾ ਕਹਿਣਾ ਹੈ ਕਿ ਸ਼ਰਧਾ ਨੇ ਉਸ ਵੇਲੇ ਹੀ ਡੇਰਾ ਛੱਡ ਦਿੱਤਾ, ਜਦੋਂ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਹੋ ਗਈ। ਲੜਕੀ ਦੀ ਗੁੰਮਸ਼ੁਦਗੀ ਸਬੰਧੀ ਪਰਿਵਾਰ ਵੱਲੋਂ ਡੇਰਾ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਬਹੁਤ ਸਮਾਂ ਪਹਿਲਾ ਸ਼ਰਧਾ ਨੂੰ ਪੜਾਈ ਲਈ ਡੇਰਾ ਵਿਚ ਛੱਡ ਦਿੱਤਾ ਗਿਆ ਸੀ, 2008 ਵਿਚ ਪਰਿਵਾਰ ਵੱਲੋਂ ਸ਼ਰਧਾ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਡੇਰੇ ਦੇ ਪ੍ਰਬੰਧਕਾਂ ਨੇ ਮਿਲਣ ਨਾ ਦਿੱਤਾ। ਜਾਣਕਾਰੀ ਮੁਤਾਬਿਕ ਸਾਹੇ ਬੇਟੀਆਂ ਬਸੇਰਾ ਵਿਚ 29 ਦੇ ਕਰੀਬ ਲੜਕੀਆਂ ਰਹਿੰਦੀਆਂ ਸਨ। ਜਿਨ੍ਹਾਂ ਵਿਚੋਂ 18 ਨਾਬਾਲਗ ਹਨ।