ਚੰਡੀਗੜ੍ਹ, 12 ਅਕਤੂਬਰ (ਬਠਲਾਣਾ) : ਭਾਰਤ ਯਾਤਰਾ 'ਤੇ ਨਿਕਲੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਅੱਜ ਪੰਜਾਬ ਯੂਨੀਵਰਸਟੀ ਪੁੱਜੇ। ਬੱਚਿਆਂ ਵਿਰੁਧ ਹਿੰਸਾ ਖ਼ਤਮ ਕਰਨ ਵਾਲੇ ਵਿਸ਼ੇ 'ਤੇ ਬੋਲਦਿਆਂ ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿਤਾ ਕਿ ਉਹ ਲੋਕਾਂ ਦੀ ਮਾਨਸਿਕਤਾ ਵਿਰੁਧ ਚਲ ਰਹੀ ਇਸ ਲੜਾਈ ਦਾ ਹਿੰਸਾ ਬਨਣ ਅਤੇ ਅਪਣੀ ਚੁੱਪੀ ਤੋੜਨ।
ਸ਼੍ਰੀ ਸਤਿਆਰਥੀ ਨੇ ਪਖੰਡੀ ਬਾਬਿਆਂ ਨੂੰ ਵੀ ਕਰੜੇ ਹੱਥੀਂ ਲਿਆ, ਜੋ ਭੋਲੇ-ਭਾਲੇ ਲੋਕਾਂ ਦੀਆਂ ਭਾਵਨਾਵਾਂ ਵਿਰੁਧ ਜ਼ੁਲਕ ਕਰਦੇ ਹਨ, ਉਨ੍ਹਾਂ ਦਾ ਟਿਕਾਣਾ ਬਾਅਦ 'ਚ ਜੇਲ ਹੀ ਹੁੰਦਾ ਹੈ। ਸ਼੍ਰੀ ਸਤਿਆਰਥੀ ਜੋ ਬੱਚਿਆਂ ਦੀ ਬਾਲ ਮਜ਼ਦੂਰੀ ਵਿਰੁਧ ਕਈ ਸਾਲਾਂ ਤੋਂ ਲੜਦੇ ਆ ਰਹੇ ਹਨ, ਦਾ ਕਹਿਣਾ ਸੀ ਕਿ ਨਵਾਂ ਭਾਰਤ ਉਸ ਦਿਨ ਹੀ ਬਣ ਸਕੇਗਾ, ਜਦੋਂ ਕਿ ਸਾਡੀਆਂ ਧੀਆਂ-ਭੈਣਾਂ ਸੁਰੱਖਿਅਤ ਮਹਿਸੂਸ ਕਰਨਗੀਆਂ। ਸਰੀਰਕ ਸ਼ੋਸ਼ਣ ਬਾਰੇ ਬੋਲਦਿਆਂ ਉਨ੍ਹਾਂ ਨੇ ਦਸਿਆ ਕਿ 70 ਫ਼ੀ ਸਦੀ ਕੇਸਾਂ 'ਚ ਜਾਣ-ਪਛਾਣ ਜਾਂ ਰਿਸ਼ਤੇਦਾਰ ਹੀ ਸ਼ਾਮਲ ਹੁੰਦੇ ਹਨ, ਇਸ ਤੋਂ ਵੀ ਦੁਖਦਾਈ ਗੰਲ ਹੈ ਕਿ ਪੀੜਤਾ ਨੂੰ ਇਨਸਾਫ਼ ਮਿਲਣ 'ਚ ਕਈ ਸਾਲ ਲਗ ਜਾਂਦੇ ਹਨ। ਉਨ੍ਹਾਂ ਨੇ ਹਾਜ਼ਰ ਲੋਕਾਂ ਨੂੰ ਯਾਦ ਕਰਾਇਆ ਕਿ ਰਿਸ਼ੀਆਂ-ਮੁਨੀਆਂ ਅਤੇ ਗੁਰੂਆਂ ਦੇ ਵੇਸ਼ 'ਚ ਅਜਿਹੇ ਘਿਨਾਉਣੇ ਕੰਮ ਸ਼ਰਮ ਵਾਲੀ ਗੱਲ ਹੈ।