ਪਟਿਆਲਾ : ਇੱਕ ਕੁੜੀ ਅਜਿਹਾ ਢੋਲ ਵਜਾਉਂਦੀ ਹੈ, ਜਿਸ ਨੂੰ ਸੁਣ ਕੇ ਹਰ ਕੋਈ ਮੰਤਰ ਮੁਗਧ ਹੋ ਜਾਂਦਾ ਹੈ। ਇਹ ਪੜ੍ਹਕੇ ਪਹਿਲੀ ਵਾਰ ਤੁਸੀਂ ਜ਼ਰੂਰ ਹੈਰਾਨ ਹੋਵੋਗੇ ਪਰ ਇਹ ਹਕੀਕਤ ਹੈ। 19 ਸਾਲ ਦੀ ਜਹਾਨਗੀਤ ਦੇਸ਼ ਦੀ ਪਹਿਲੀ ਅਜਿਹੀ ਮੁਟਿਆਰ ਹੈ, ਜੋ ਢੋਲ ਵਜਾਉਂਦੀ ਹੈ। ਪਟਿਆਲਾ ਦੇ ਕਿਲ੍ਹਾ ਮੁਬਾਰਕ ਵਿਚ ਸ਼ਨੀਵਾਰ ਨੂੰ ਸ਼ੁਰੂ ਹੋਏ ਪੈਨੋਰਮਾ ਵਿਚ ਉਨ੍ਹਾਂ ਨੇ ਆਪਣੀ ਪੇਸ਼ਕਾਰੀ ਦਿੱਤੀ ਸੀ।
ਕਰ ਚੁੱਕੀ 200 ਲਾਈਵ ਪ੍ਰਫਾਰਮੈਂਸ : ਜਹਾਨਗੀਤ ਦੇ ਮੁਤਾਬਕ ਉਨ੍ਹਾਂ ਨੇ 12 ਦੀ ਉਮਰ ਤੋਂ ਢੋਲ ਵਜਾਉਣਾ ਸ਼ੁਰੂ ਕੀਤਾ ਸੀ। ਜਦੋਂ ਉਹ ਛੋਟੀ ਸੀ ਤਾਂ ਢੋਲ ਦੇ ਭਾਰ ਤੋਂ ਉਹ ਆਪਣੇ ਆਪ ਹੀ ਅੱਗੇ ਝੁਕ ਜਾਂਦੀ ਸੀ। ਉਸ ਨੇ ਅੱਗੇ ਦੱਸਿਆ ਕਿ ਢੋਲ ਵਜਾਉਂਦਿਆਂ ਉਸ ਦੇ ਹੱਥਾਂ ਵਿਚੋਂ ਖੂਨ ਨਿਕਲ ਆਉਂਦਾ ਸੀ, ਪਿੱਠ- ਮੋਢੇ ਵੀ ਦਰਦ ਹੋਣ ਲੱਗ ਜਾਂਦੇ ਸਨ ਅਤੇ ਇਸ ਦੇ ਬਾਵਜੂਦ ਉਸਤਾਦ ਉਸ ਨੂੰ ਹੋਰ ਜ਼ੋਰ ਨਾਲ ਢੋਲ ਵਜਾਉਣ ਲਈ ਕਹਿੰਦੇ ਸਨ।
ਇਹ ਉਸੇ ਮਿਹਨਤ ਦਾ ਨਤੀਜਾ ਹੈ ਕਿ ਅੱਜ ਉਹ ਵਿਸ਼ਵ ਭਰ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਿਚ ਕਾਮਯਾਬ ਹੋ ਸਕੀ ਹੈ। ਦੱਸ ਦੇਈਏ ਕਿ ਜਹਾਨਗੀਤ ਢੋਲ ਵਜਾਉਣ ਦੇ ਨਾਲ ਨਾਲ ਕਾਨੂੰਨ ਦੀ ਪੜ੍ਹਾਈ ਵੀ ਕਰ ਰਹੀ ਹੈ। ਉਨ੍ਹਾਂ ਨੂੰ ਸਟੇਟ ਅਵਾਰਡ ਵੀ ਮਿਲ ਚੁੱਕਿਆ ਹੈ।