ਚੰਡੀਗੜ੍ਹ, 7 ਸਤੰਬਰ
(ਤਰੁਣ ਭਜਨੀ): ਪਹਿਲਾਂ ਪੰਜਾਬ ਯੂਨੀਵਰਸਟੀ ਵਿਚ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਵੀਰਵਾਰ
ਸਵੇਰੇ ਖ਼ੁਦ ਡੀ.ਜੀ.ਪੀ. ਤੇਜਿੰਦਰ ਸਿੰਘ ਲੂਥਰਾ ਨੇ ਸੁਰੱਖਿਆ ਦਾ ਜਾਇਜ਼ਾ ਲਿਆ।
ਡੀ.ਜੀ.ਪੀ. ਨੇ ਸਾਰੀ ਯੂਨੀਵਰਸਟੀ ਦਾ ਦੌਰਾ ਕੀਤਾ ਅਤੇ ਮੌਕੇ 'ਤੇ ਮੌਜੂਦ ਅਧਿਕਾਰੀਆਂ
ਨਾਲ ਗਲੱਬਾਤ ਕੀਤੀ। ਸਰੱਖਿਆ ਦੇ ਮੱਦੇਨਜਰ ਪੰਜਾਬ ਯੂਨਿਵਰਸਟੀ ਦਾ ਗੇਟ ਨੰਬਰ 1 ਸਵੇਰੇ
ਤੋਂ ਹੀ ਬੰਦ ਕਰ ਦਿਤਾ ਗਿਆ ਸੀ। ਸਿਰਫ਼ 2 ਨੰਬਰ ਗੇਟ ਤੋਂ ਹੀ ਲੋਕਾਂ ਨੂੰ ਪਛਾਣ ਪੱਤਰ
ਵੇਖ ਕੇ ਅੰਦਰ ਦਾਖ਼ਲ ਹੋਣ ਦਿਤਾ ਗਿਆ ਜਿਸ ਨਾਲ ਯੂਨੀਵਰਸਟੀ ਦੇ ਬਾਹਰ ਜਾਮ ਦੀ ਸਥਿਤੀ ਬਣੀ
ਰਹੀ। ਯੂਨੀਵਰਸਟੀ ਅੰਦਰ ਵੀ ਭਾਰੀ ਗਿਣਤੀ ਵਿਚ ਪੁਲਿਸ ਫ਼ੋਰਸ ਤੈਨਾਤ ਸੀ। ਸੈਕਟਰ-10
ਸਥਿਤ ਡੀ ਏ ਵੀ ਕਾਲਜ ਦੇ ਬਾਹਰ ਵੀ ਪੁਲਿਸ ਤੈਨਾਤ ਸੀ। ਥਾਣਾ ਮੁਖੀ ਪੂਨਮ ਦਿਲਾਵਰੀ,
ਅਪਰਾਧ ਸ਼ਾਖ਼ਾ ਡੀ.ਐਸ.ਪੀ. ਪਵਨ ਕੁਮਾਰ ਤੋਂ ਇਲਾਵਾ ਇੰਸਪੈਕਟਰ ਅਮਨਜੋਤ ਸਿੰਘ ਮੌਜੂਦ ਸਨ।
ਡੀ.ਐਸ.ਪੀ. ਨੇ ਦਸਿਆ ਕਿ ਉਨ੍ਹਾਂ ਕਾਲਜ ਵਿਚ ਹੁਲੜਬਾਜ਼ੀ ਅਤੇ ਰੌਲਾ ਰੱਪਾ ਪਾ ਰਹੇ 10 ਦੇ
ਕਰੀਬ ਵਿਦਿਆਰਥੀਆਂ ਨੂੰ ਰਾਉਂਡਅਪ ਕੀਤਾ ਹੈ। ਜੋ ਇਥੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ
ਰਹੇ ਸਨ। ਉਨ੍ਹਾਂ ਦੱਸਿਆ ਕਿ ਇਸਤੋਂ ਇਲਾਵਾ ਮਾਹੌਲ ਲਗਭਗ ਸ਼ਾਂਤ ਰਿਹਾ ਹੈ ਅਤੇ ਕਿਸੇ ਨੂੰ
ਵੀ ਕਾਨੂੰਨ ਵਿਵਸਥਾ ਤੋੜਣ ਨਹੀ ਦਿਤਾ ਗਿਆ। ਇਸੇ ਤਰਾਂ ਯੂਨੀਵਰਸਟੀ ਵਿਚ ਡੀ ਐਸ ਪੀ
ਰੋਮਗੋਪਾਲ,ਇੰਸਪੈਕਟਰ ਸ਼ਾਦੀਲਾਲ ਅਤੇ ਹੋਰ ਵੀ ਕਾਈਂ ਪੁਲਿਸ ਅਧਿਕਾਰੀ ਮੌਜੂਦ ਸਨ।
ਯੂਨੀਵਰਸਟੀ ਦੇ ਜੁਮਨੇਜੀਅਮ ਹਾਲ ਵਿਚ ਤੈਅ ਸਮੇਂ ਤੇ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿਤੀ
ਗਈ। ਇਸ ਦੌਰਾਨ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਅੰਦਰ ਦਾਖ਼ਲ ਨਹੀ ਹੋਣ ਦਿਤਾ ਗਿਆ। ਇਸ
ਦੌਰਾਨ ਵਾਹਨਾਂ ਦੀ ਵੀ ਤਲਾਸ਼ੀ ਲਈ ਗਈ। ਸੁਟੂਡੈਂਟ ਸੈਂਟਰ ਤੇ ਵੀ ਪੁਲਿਸ ਕਰਮਚਾਰੀ ਤੈਨਾਤ
ਕੀਤੇ ਗਏ ਸਨ। ਲਗਭਗ ਇਕ ਹਜਾਰ ਪੁਲਿਸ ਕਰਮਚਾਰੀ ਚੋਣਾਂ ਵਿਚ ਤੈਨਾਤ ਕੀਤੇ ਗਏ ਸਨ।