ਚੰਡੀਗੜ੍ਹ, 16 ਅਕਤੂਬਰ (ਤਰੁਣ ਭਜਨੀ) : ਦੀਵਾਲੀ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਵੀ ਸੁਰੱਖ਼ਿਆ ਦੇ ਪੂਰੇ ਪ੍ਰਬੰਧ ਕਰ ਲਏ ਹਨ। ਸ਼ਹਿਰ 'ਚ 1700 ਦੇ ਲਗਭਗ ਪੁਲਿਸ ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ, ਜਿਸ ਵਿਚ ਟਰੈਫ਼ਿਕ ਪੁਲਿਸ, ਆਈਆਰਬੀ ਦੇ ਜਵਾਨ, ਥਾਣਾ ਪੁਲਿਸ ਅਤੇ ਪੀਸੀਆਰ ਦੇ ਕਰਮਚਾਰੀ ਸ਼ਾਮਲ ਹਨ।ਐਸਐਸਪੀ ਨਿਲਾਂਬਰੀ ਵਿਜੇ ਜਗਦਲੇ ਨੇ ਸਪੋਕਸਮੈਨ ਨਾਲ ਗਲੱਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਵਾਸੀ ਤਿਉਹਾਰਾਂ ਨੂੰ ਪੂਰੀ ਖੁਸ਼ੀ ਨਾਲ ਮਨਾਉਣ ਇਸ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਪੁਲਿਸ ਕਰਮਚਾਰੀਆਂ ਦੀ ਤੈਨਾਤੀ ਕਰ ਦਿਤੀ ਗਈ ਹੈ। ਇਸ ਵਾਰ ਟਰੈਫ਼ਿਕ ਅਤੇ ਥਾਣਾ ਪੁਲਿਸ ਮਿਲ ਕੇ ਕੰਮ ਕਰ ਰਹੀ ਹੈ। ਮਾਰਕੀਟਾਂ ਦੇ ਨੇੜੇ ਤੇੜੇ ਜਾਮ ਨਹੀਂ ਲੱਗਣ ਦਿਤਾ ਜਾ ਰਿਹਾ ਹੈ। ਸੜਕ ਤੇ ਖੜੇ ਵਾਹਨਾਂ ਨੂੰ ਪੁਲਿਸ ਦੀ ਟੋਇੰਗ ਵੈਨ ਚੁੱਕ ਕੇ ਲੈ ਕੇ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਵਾਹਨਾਂ ਨੂੰ ਸਹੀ ਥਾਂ ਤੇ ਖੜਾ ਕਰਨ ਤਾਂ ਕਿ ਸੜਕਾਂ '
ਤੇ ਜਾਮ ਦੀ ਸਥਿਤੀ ਪੈਦਾ ਨਾ ਹੋ ਸਕੇ। ਐਸਐਸਪੀ ਨੇ ਦਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜਾਰੀ ਆਦੇਸ਼ਾਂ ਮੁਤਾਬਕ ਦੀਵਾਲੀ ਵਾਲੇ ਦਿਨ ਕੇਵਲ 6:30 ਵਜੇ ਤੋਂ ਲੈ ਕੇ 9:30 ਵਜੇ ਤਕ ਪਟਾਕੇ ਚਲਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੇ ਕੋਈ 9:30 ਵਜੇ ਤੋਂ ਬਾਅਦ ਪਟਾਕੇ ਚਲਾਉਂਦਾ ਹੈ ਤਾਂ ਪੁਲਿਸ ਉਸ ਵਿਰੁਧ ਕਾਰਵਾਈ ਕਰੇਗੀ। ਉਨ੍ਹਾ ਦੱਸਿਆ ਕਿ ਪੀਸੀਆਰ ਕਰਮਚਾਰੀਆਂ ਨੂੰ ਇਸ ਜ਼ਿੰਮੇਵਾਰੀ ਸੌਂਪੀ ਗਈ ਹੈ।ਐਸਐਸਪੀ ਨੇ ਦੱਸਿਆ ਕਿ ਮੋਟਰਸਾਈਕਲ ਤੇ ਚੀਤਾ ਸਕੁਆਇਡ ਨੂੰ ਵੀ ਤੈਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਨੈਚਿੰਗ ਰੋਕਣ ਲਈ ਐਂਟੀ ਸਨੈਚਿੰਗ ਨਾਕੇ ਲਗਾਏ ਗਏ ਹਨ। ਸੋਮਵਾਰ ਮਾਰਕੀਟ ਦੇ ਬਾਹਰ ਸੜਕਾਂ 'ਤੇ ਖੜੇ ਵਾਹਨਾਂ ਨੂੰ ਪੁਲਿਸ ਨੇ ਚੁਕਿਆ ਅਤੇ ਚਾਲਕਾਂ ਦਾ ਚਲਾਨ ਵੀ ਕੀਤਾ ਗਿਆ। ਸੈਕਟਰ 27, 19, 18 ਵਿਚ ਪੁਲਿਸ ਦੇ ਜਵਾਨ ਵਾਹਨਾਂ ਨੂੰ ਹਟਾਉਣ ਵਿਚ ਲੱਗੇ ਰਹੇ। ਦੂਜੇ ਪਾਸੇ ਨਿਗਮ ਨੇ ਵੀ ਵਾਹਨ ਖੜੇ ਕਰਨ ਲਈ ਕਮਉਨਿਟੀ ਸੈਂਟਰ ਅਤੇ ਸਕੂਲਾਂ ਨੂੰ ਖੋਲ੍ਹ ਦਿਤਾ ਹੈ। ਲੋਕ ਇਨ੍ਹਾ ਥਾਵਾਂ 'ਤੇ ਜਾ ਕੇ ਅਪਣੇ ਵਾਹਨ ਖੜੇ ਕਰ ਕੇ ਮਾਰਕੀਟ ਆਦਿ ਵਿਚ ਜਾ ਸਕਦੇ ਹਨ।