ਦਿਵੇਸ਼ ਮੋਦਗਿੱਲ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 9 ਜਨਵਰੀ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਡਿਪਟੀ ਕਮਿਸ਼ਨਰ-ਕਮ-ਚੋਣ ਰਿਟਰਨਿੰਗ ਅਧਿਕਾਰੀ ਅਜੀਤ ਬਾਲਾਜੀ ਜੋਸ਼ੀ ਦੀ ਅਗਵਾਈ ਵਿਚ ਹੋਈ। ਇਸ ਮੌਕੇ ਸਕੱਤਰ ਨਗਰ ਨਿਗਮ ਸੌਰਭ ਮਿਸ਼ਰਾ ਤੇ ਕਮਿਸ਼ਨਰ ਜਤਿੰਦਰ ਯਾਦਵ ਵੀ ਹਾਜ਼ਰ ਸਨ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਕੌਂਸਲਰ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਦਿਵੇਸ਼ ਮੋਦਗਿੱਲ ਨੂੰ ਮੇਅਰ ਚੁਣ ਲਿਆ ਗਿਆ ਜਦਕਿ ਭਾਜਪਾ ਦੇ ਹੀ ਦੋ ਹੋਰ ਕੌਂਸਲਰਾਂ ਜਿਨ੍ਹਾਂ ਵਿਚ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਵਿਨੋਦ ਅਗਰਵਾਲ ਨੂੰ ਡਿਪਟੀ ਮੇਅਰ ਚੁਣਿਆ ਗਿਆ। ਇਸ ਮੌਕੇ ਭਾਜਪਾ ਦੇ ਸੀਨੀਅਰ ਨੇਤਾ ਸੱਤਪਾਲ ਜੈਨ, ਪਾਰਟੀ ਪ੍ਰਧਾਨ ਸੰਜੇ ਟੰਡਨ, ਭਾਜਪਾ ਕੌਮੀ ਸਕੱਤਰ ਦਿਨੇਸ਼ ਕੁਮਾਰ ਅਤੇ ਸਥਾਨਕ ਸੀਨੀਅਰ ਆਗੂ ਵੀ ਵਿਜਟਰ ਗੈਲਰੀ ਵਿਚ ਪੂਰਾ ਸਮਾਂ ਮੌਜੂਦ ਰਹੇ। ਇਸ ਚੋਣ ਪ੍ਰਕਿਰਿਆ ਨੂੰ ਨੇਪਰੇ ਚੜ੍ਹਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਤਿੰਨੋਂ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰੀ ਏਕਤਾ ਵਿਖਾਈ। ਭਾਜਪਾ ਦੇ ਤਿੰਨੋਂ ਉਮੀਦਵਾਰ ਆਸ ਤੋਂ ਉਲਟ ਭਾਰੀ ਬਹੁਮਤ ਨਾਲ ਚੋਣਾਂ ਜਿੱਤੇ ਜਦਕਿ ਕਾਂਗਰਸ ਵਲੋਂ ਮੈਦਾਨ ਵਿਚ ਉਤਾਰੇ ਦਵਿੰਦਰ ਬਬਲਾ (ਮੇਅਰ), ਸ਼ੀਲਾ ਦੇਵੀ (ਸੀਨੀਅਰ ਡਿਪਟੀ ਮੇਅਰ) ਅਤੇ ਰਵਿੰਦਰ ਕੌਰ ਗੁਜਰਾਲ ਡਿਪਟੀ ਮੇਅਰ ਨੂੰ ਲੱਕ ਤੋੜਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਨ੍ਹਾਂ ਕੋਲ ਸਿਰਫ਼ ਚਾਰ ਹੀ ਕੌਂਸਲਰ ਸਨ।