ਦੋ ਦਹਾਕਿਆਂ ਬਾਅਦ 'ਚੇਅਰਾਂ' ਨੂੰ ਮਿਲੇ ਪ੍ਰੋਫ਼ੈਸਰ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 4 ਜਨਵਰੀ (ਬਠਲਾਣਾ) : ਪੰਜਾਬ ਯੂਨੀਵਰਸਟੀ ਦਾ ਸਾਲ-2017 ਵਿਚ ਜਿਹੜਾ ਮਾਅਰਕੇ ਦਾ ਕੰਮ ਮੰਨਿਆ ਜਾ ਸਕਦਾ ਹੈ, ਉਹ ਹੈ ਲਗਭਗ ਦੋ ਦਹਾਕਿਆਂ ਦੇ ਲੰਮੇ ਵਕਫ਼ੇ ਮਗਰੋਂ ਵੱਖ-ਵੱਖ ਵਿਭਾਗਾਂ ਵਿਚ ਖ਼ਾਲੀ ਪਈਆਂ ਚੇਅਰਾਂ ਨੂੰ ਭਰਨ ਦਾ। ਲੰਮੇ ਸਮੇਂ ਤਕ ਖ਼ਾਲੀ ਰਹਿਣ ਕਰ ਕੇ ਮਹਾਨ ਸ਼ਖ਼ਸੀਅਤਾਂ ਦੇ ਨਾਂ 'ਤੇ ਬਣਾਈਆਂ ਚੇਅਰਾਂ ਕੋਈ ਖੋਜ ਕਾਰਜ ਨਾ ਕਰ ਸਕੀਆਂ। ਪੰਜਾਬੀ ਸਕੂਲ ਅਧਿਐਨ ਅਧੀਨ ਆਉਂਦੀਆਂ ਚੇਅਰਾਂ ਵਿਚੋਂ ਬਾਬਾ ਸ਼ੇਖ਼ ਫ਼ਰੀਦ ਚੇਅਰ ਦਾ ਜਿੰਮਾ ਸੁਖਦੇਵ ਸਿੰਘ ਸਿਰਸਾ ਨੂੰ ਦਿਤਾ ਗਿਆ ਹੈ ਜੋ ਸੇਵਾਮੁਕਤੀ ਮਗਰੋਂ ਵਿਭਾਗ ਵਿਚ ਸੇਵਾ ਨਿਭਾ ਰਹੇ ਹਨ। ਇਸੇ ਤਰ੍ਹਾਂ ਪੰਜਾਬੀ ਵਿਭਾਗ ਦੇ ਚੇਅਰਪਰਸਨ ਪ੍ਰੋ. ਯੋਗਰਾਜ ਨੂੰ ਸ਼ਿਵ ਕੁਮਾਰ ਬਟਾਲਵੀ ਚੇਅਰ ਦਾ ਜਿੰਮਾ, ਕੋਸ਼ਕਾਰੀ ਵਿਭਾਗ (ਪੰਜਾਬੀ) ਦੀ ਇੰਚਾਰਜ ਪ੍ਰੋ. ਊਮਾ ਸੇਠੀ ਨੂੰ ਭਾਈ ਵੀਰ ਸਿੰਘ ਚੇਅਰ ਅਤੇ ਈਵਨਿੰਗ ਸਟੱਡੀਜ਼ ਵਿਭਾਗ ਦੇ ਮੁਖੀ ਅਤੇ ਭਾਸ਼ਾ ਫ਼ੈਕਲਟੀ ਡੀਨ ਪ੍ਰੋ. ਗੁਰਪਾਲ ਸਿੰਘ ਸੰਧੂ ਨੂੰ ਗੁਰੂ ਰਵੀਦਾਸ ਚੇਅਰ ਸੰਭਾਲਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਹਿਲ ਦਾ ਸਵਾਗਮ ਪਰ ਕੰਮ ਚਲਾਊ ਪ੍ਰਬੰਧ: ਪ੍ਰੋ. ਯੋਗਰਾਜ ਅਤੇ ਪ੍ਰੋ. ਗੁਰਪਾਲ ਸਿੰਘ ਸੰਧੂ ਨੇ ਯੂਨੀਵਰਸਟੀ ਪ੍ਰਸ਼ਾਸਨ ਦੀ ਪਹਿਲ ਦਾ ਸਵਾਗਤ ਕੀਤਾ ਹੈ,

 ਪ੍ਰੋ. ਯੋਗਰਾਜ ਨੇ ਦਾਅਵਾ ਕੀਤਾ ਕਿ ਪਹਿਲੀ ਸਤੰਬਰ 2017 ਨੂੰ ਵਿਭਾਗ ਦੇ ਮੁਖੀ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੀ ਉਨ੍ਹਾਂ 3 ਸਤੰਬਰ ਨੂੰ ਚਿੱਠੀ ਲਿਖੀ ਕਿ ਵਿਭਾਗ ਅਧੀਨ ਆਉਂਦੀਆਂ ਖ਼ਾਲੀ ਚੇਅਰਾਂ ਭਰੀਆਂ ਜਾਣ। ਉਨ੍ਹਾਂ ਸੈਨੇਟ/ਸਿੰਡੀਕੇਟ ਦਾ ਹਵਾਲਾ ਦਿਤਾ ਜਿਸ ਨੇ ਚੇਅਰਾਂ ਦੀ ਜ਼ਿੰਮੇਵਾਰੀ ਵਿਭਾਗ ਦੇ ਸੀਨੀਅਰ ਅਧਿਆਪਕਾਂ ਨੂੰ ਦੇਣ ਬਾਰੇ ਫ਼ੈਸਲਾ ਹੋ ਚੁਕਾ ਸੀ। ਪ੍ਰੋ. ਯੋਗਰਾਜ ਨੇ ਦਸਿਆ ਕਿ ਉਹ ਸਾਰੇ ਅਧਿਆਪਕਾਂ ਨੂੰ ਕੰਮ ਵੰਡਣਗੇ ਅਤੇ ਉਹ ਚਾਹੁਦੇ ਹਨ ਕਿ ਹਰ ਸਾਲ ਕੀਤੇ ਖੋਜ ਕਾਰਜਾਂ ਦਾ ਮੁਲਾਂਕਣ ਵੀ ਹੋਵੇ। ਪ੍ਰੋ. ਗੁਰਪਾਲ ਸੰਧੂ ਨੇ ਨੇ ਵੀ ਕਿਹਾ ਕਿ ਸਾਲਾਂਬੱਧੀ ਖ਼ਾਲੀ ਰਹੀਆਂ ਚੇਅਰਾਂ ਭਰਨ ਨਾਲ ਖੋਜ ਕਾਰਜ ਅਰੰਭ ਹੋਣਗੇ ਪਰ ਪਹਿਲਾਂ ਵਾਂਗ ਇਹ ਕੋਈ ਵਖਰਾ ਪ੍ਰਬੰਧ ਨਹੀਂ ਹੈ। ਹਰ ਅਧਿਆਪਕ ਕੋਲ ਪਹਿਲਾਂ ਹੀ 8-8 ਖੋਜ ਸਕਾਲਰ ਹਨ। ਜੋ ਇਸ ਤੋਂ ਵੱਧ ਕੋਈ ਅਧਿਆਪਕ ਵਾਧੂ ਖੋਜ ਸਕਾਲਰ ਨਹੀਂ ਰੱਖ ਸਕਦਾ। ਨਵੀਂ ਪਹਿਲ ਅਧੀਨ ਚੇਅਰਾਂ ਦਾ ਕੋਈ ਵਖਰਾ ਸਰੂਪ ਜਿਵੇਂ ਮੁਖੀ, ਵਖਰਾ ਸਟਾਫ਼ ਆਦਿ ਨਹੀਂ ਹੋਵੇਗਾ। ਇਹ ਇਕ ਤਰ੍ਹਾਂ ਨਾਲ ਵਾਧੂ ਚਾਰਜ ਹੀ ਦਿਤਾ ਗਿਆ ਹੈ।