ਦੋ ਲੱਖ ਰੁਪਏ ਰਿਸ਼ਵਤ ਲੈਂਦਾ ਸਬ ਇੰਸਪੈਕਟਰ ਕਾਬੂ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 24 ਅਕਤੂਬਰ (ਤਰੁਣ ਭਜਨੀ): ਸੀ.ਬੀ.ਆਈ. ਦੀ ਭ੍ਰਿਸ਼ਟਾਚਾਰ ਰੋਕੂ ਟੀਮ ਨੇ ਮੰਗਲਵਾਰ ਸੈਕਟਰ-31 ਥਾਣੇ ਵਿਚ ਤੈਨਾਤ ਸਬ ਇੰਸਪੈਕਟਰ ਮੋਹਨ ਸਿੰਘ ਨੂੰ 2 ਲੱਖ ਰੁਪਏ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕੀਤਾ ਹੈ। ਸੀ.ਬੀ.ਆਈ. ਬੁਧਵਾਰ ਸਬ ਇੰਸਪੈਕਟਰ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰੇਗੀ। ਮਾਮਲੇ ਵਿਚ ਥਾਣਾ ਮੁਖੀ ਦਾ ਨਾਂ ਵੀ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਉਚ ਅਧਿਕਾਰੀਆਂ ਨੇ ਸੈਕਟਰ 31 ਥਾਣਾ ਮੁਖੀ ਜਸਵਿੰਦਰ ਕੌਰ ਦਾ ਤਬਾਦਲਾ ਪੁਲਿਸ ਲਾਇਨ ਕਰ ਦਿਤਾ ਹੈ। ਉਨ੍ਹਾਂ ਦੀ ਥਾਂ ਸੈਕਟਰ 34 ਥਾਣਾ ਮੁਖੀ ਅਜੇ ਸ਼ਰਮਾ ਨੂੰ ਸੈਕਟਰ 31 ਥਾਣੇ ਦਾ ਵਾਧੂ ਚਾਰਜ ਦਿਤਾ ਗਿਆ ਹੈ। ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਰਾਮਦਰਬਾਰ ਵਿਚ ਦੋ ਧਿਰਾਂ ਦੀ ਲੜਾਈ ਹੋ ਗਈ ਸੀ। ਜਿਸ ਵਿਚ ਕਈਂ ਲੋਕ ਜ਼ਖ਼ਮੀ ਹੋਏ ਸਨ। ਪੁਲਿਸ ਨੇ ਇਸ ਮਾਮਲੇ ਵਿਚ ਰਾਮਦਰਬਾਰ ਦੇ ਰਹਿਣ ਵਾਲੇ ਦੀਪੁ, ਜੋਸਫ਼ ਅਤੇ ਅਨਿਲ ਵਿਰੁਧ ਧਾਰਾ 307 ਤਹਿਤ ਹਤਿਆ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕੀਤਾ ਸੀ। ਘਟਨਾ 16 ਅਕਤੂਬਰ ਦੀ ਹੈ। ਜਿਥੇ ਇਹ ਤਿੰਨੇ ਮੁਲਜ਼ਮ ਘਟਨਾ ਤੋਂ ਬਾਅਦ ਫਰਾਰ ਹੋ ਗਏ ਸਨ । ਤਿੰਨੇ ਮੁਲਜ਼ਮ ਫਾਇਨੈਂਸਰ ਪ੍ਰੇਮ ਬਿਸ਼ਟ ਨਾਮ ਦੇ ਵਿਅਕਤੀ ਲਈ ਰਿਕਵਰੀ ਦਾ ਕੰਮ ਕਰਦੇ ਸਨ। ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਮੋਹਨ ਸਿੰਘ ਨੇ ਇਨ੍ਹਾ ਤਿੰਨਾਂ ਦਾ ਨਾਮ ਮਾਮਲੇ ਤੋਂ ਕੱਢਣ ਲਈ ਪ੍ਰੇਮ ਬਿਸ਼ਟ ਨਾਲ ਸੰਪਰਕ ਕੀਤਾ ਅਤੇ ਤਿੰਨਾਂ ਨੂੰ ਮਾਮਲੇ ਤੋਂ ਕੱਢਣ ਦੇ ਏਵਜ ਵਿਚ 9 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਇਸਤੋਂ ਬਾਅਦ ਪ੍ਰੇਮ ਬਿਸ਼ਟ ਨੇ ਮਾਮਲੇ ਦੀ ਸ਼ਿਕਾਇਤ ਸੀ ਬੀ ਆਈ ਨੂੰ ਦਿਤੀ। ਸ਼ਿਕਾਇਤ ਵਿਚ ਪ੍ਰੇਮ ਨੇ ਦੱਸਿਆ ਕਿ ਉਸਦੇ ਕੋਲ ਕੰਮ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਮਾਮਲੇ ਤੋਂ ਕੱਢਣ ਲਈ ਸਬ ਇੰਸਪੈਕਟਰ 9 ਲੱਖ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਉਸ ਨੇ ਇਹ ਵੀ ਦੱਸਿਆ

 ਕਿ ਮੋਹਨ ਸਿੰਘ ਨੇ ਉਸ ਨੂੰ ਕਿਹਾ ਹੈ ਕਿ ਰਿਸ਼ਵਤ ਦੀ ਰਕਮ ਵਿਚੋਂ 8 ਲੱਖ ਰੁਪਏ ਥਾਣਾ ਮੁੱਖੀ ਕੋਲੇ ਜਾਣੇ ਹਨ ਅਤੇ ਉਸਦੇ ਕੋਲ ਤਾਂ ਸਿਰਫ਼ ਇਕ ਲੱਖ ਰੁਪਏ ਹੀ ਪੱਲੇ ਪੈਣਗੇ। ਇਸ ਤੋਂ ਬਾਅਦ ਪ੍ਰੇਮ ਬਿਸ਼ਟ ਅਤੇ ਸਬ ਇੰਸਪੈਕਟਰ ਮੋਹਨ ਸਿੰਘ ਵਿਚਕਾਰ 9 ਲੱਖ ਰੁਪਏ ਵਿਚ ਸੌਦਾ ਤੈਅ ਹੋ ਗਿਆ। ਸਬ ਇੰਸਪੈਕਟਰ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ ਦੇਣ ਲਈ ਪ੍ਰੇਮ ਬਿਸ਼ਟ ਨੂੰ ਮੰਗਲਵਾਰ ਸੈਕਟਰ 31 ਦੀ ਮਾਰਕੀਟ ਵਿਚ ਸੱਦਿਆ। ਪ੍ਰੇਮ ਬਿਸ਼ਟ ਜਦ ਮਾਰਕੀਟ ਵਿਚ ਪੁੱਜਿਆ ਤਾਂ ਮੋਹਨ ਸਿੰਘ ਅਪਣੀ ਈਓਨ ਕਾਰ ਵਿਚ ਬੈਠਾ ਸੀ। ਸ਼ਿਕਾਇਤਕਰਤਾ ਨੇ ਕਾਰ ਵਿਚ ਬੈਠੇ ਮੋਹਨ ਸਿੰਘ ਨੂੰ ਜਦ ਦੋ ਲੱਖ ਰੁਪਏ ਫੜਾਏ ਤਾਂ ਪਿਛੇ ਜਾਲ ਵਿਛਾਈ ਬੈਠੀ ਸੀ ਬੀ ਆਈ ਦੀ ਟੀਮ ਨੇ ਮੋਹਨ ਸਿੰਘ ਨੂੰ ਰਿਸ਼ਵਤ ਦੀ ਰਕਮ ਨਾਲ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ। ਇਸਤੋਂ ਬਾਅਦ ਸਬ ਇੰਸਪੈਕਟਰ ਨੂੰ ਕਾਰ ਸਮੇਤ ਥਾਣਾ ਲੈ ਜਾਇਆ ਗਿਆ। ਜਿਥੇ ਉਸਦੀ ਅਤੇ ਕਾਰ ਦੀ ਵੀ ਤਲਾਸ਼ੀ ਲਈ ਗਈ। ਸੀ ਬੀ ਆਈ ਨੇ ਸਬ ਇੰਸਪੈਕਟਰ ਦੇ ਘਰ ਦੀ ਵੀ ਤਲਾਸ਼ੀ ਲਈ। ਸ਼ਾਮ ਤਕ ਥਾਣੇ ਵਿਚ ਸੀ ਬੀ ਆਈ ਦੀ ਕਾਰਵਾਈ ਜਾਰੀ ਸੀ। ਸ਼ਿਕਾਇਤਕਰਤਾ ਪ੍ਰੇਮ ਬਿਸ਼ਟ ਨੇ ਦੱਸਿਆ ਕਿ ਉਹ ਡੇਰਾਬੱਸੀ ਵਿਚ ਰਹਿੰਦਾ ਹੈ ਅਤੇ ਉਸਦਾ ਚੰਡੀਗੜ੍ਹ ਵਿਚ ਪ੍ਰਾਪਰਟੀ ਡਿਲਿੰਗ, ਫਾਇਨੈਂਸ ਅਤੇ ਕੇਬਲ ਦਾ ਕੰਮ ਹੈ। ਜੋਸਫ਼, ਅਨਿਲ ਅਤੇ ਦੀਪੁ ਉਸਦੇ ਲਈ ਕੰਮ ਕਰਦੇ ਸਨ। ਲੜਾਈ ਵਿਚ ਤਿਂਨਾਂ ਵਿਰੁਧ ਮਾਮਲਾ ਦਰਜ ਹੋਣ ਤੋਂ ਬਾਅਦ ਮੋਹਨ ਸਿੰਘ ਨੇ ਉਨ੍ਹਾ ਤੋਂ 9 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਇਸ ਮਾਮਲੇ ਤੋਂ ਤਿੰਨਾਂ ਦਾ ਨਾਲ ਕੱਢ ਦਵੇਗਾ।