ਦੋ ਵਿਦਿਆਰਥੀ ਆਗੂ ਪਿਸਤੌਲ ਸਣੇ ਕਾਬੂ

ਚੰਡੀਗੜ੍ਹ, ਚੰਡੀਗੜ੍ਹ

ਖਰੜ, 28 ਅਕਤੂਬਰ (ਵਿਸ਼ਾਲ ਨਾਗਪਾਲ) : ਸੀਆਈਏ ਸਟਾਫ਼ ਵਲੋਂ ਸਟੂਡੈਂਟ ਸੰਗਠਨ ਐਨਐਸਯੂਆਈ ਦਾ ਜ਼ਿਲ੍ਹਾ ਪ੍ਰਧਾਨ ਅਤੇ ਸੈਕਟਰ 46 ਕਾਲਜ ਦੇ ਸੋਪੂ ਸੰਗਠਨ ਦੇ ਪ੍ਰਧਾਨ ਨੂੰ ਨਾਜਾਇਜ਼ ਪਿਸਤੌਲ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ 'ਚ ਪੁਲਿਸ ਵਲੋਂ ਸਿਟੀ ਥਾਣਾ ਖਰੜ ਵਿਖੇ ਦੋਵੇਂ ਨੌਜਵਾਨਾਂ ਵਿਰੁਧ ਆਰਮਸ ਐਕਟ ਅਧੀਨ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਸੀਆਈਏ ਇੰਚਾਰਜ ਤਰਲੋਚਨ ਸਿੰਘ ਨੇ ਦਸਿਆ ਕਿ ਅੱਜ ਸ਼ਾਮ ਨਾਕਾਬੰਦੀ ਦੌਰਾਨ ਸੂਚਨਾ ਮਿਲੀ ਕਿ ਸੰਨੀ ਇਨਕਲੇਵ ਦੇ ਨੇੜੇ ਦੋ ਨੌਜਵਾਨ ਇਕ ਬੁਲੇਟ ਮੋਟਰਸਾਈਕਲ ਨੰਬਰ ਪੀਬੀ65ਜੈਡ-5625 'ਤੇ ਸਵਾਰ ਹੋ ਕੇ ਘੁੰਮ ਰਹੇ ਹਨ ਜਿਨ੍ਹਾਂ ਕੋਲ ਨਾਜਾਇਜ਼ ਹਥਿਆਰ ਹਨ, ਜੋ ਇਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਹਨ। ਇਨ੍ਹਾਂ ਦੇ ਨਾਂ ਪਿੰਡ ਚੰਡੇਸਰ, ਆਨੰਦਪੁਰ ਸਾਹਿਬ, ਰੋਪੜ ਦਾ ਵਸਨੀਕ ਨਸੀਬ ਚੰਦ ਅਤੇ ਜਗਤਪੂਰਾ, ਮੋਹਾਲੀ ਦਾ ਵਾਸੀ ਸ਼ੰਮੀ ਹੈ ਜਿਨ੍ਹਾਂ ਨੂੰ ਕਾਬੂ ਕਰਨ 'ਤੇ 

ਵੱਡੀ ਸਫ਼ਲਤਾ ਮਿਲ ਸਕਦੀ ਹੈ। ਸੀਆਈਏ ਟੀਮ ਨੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿਤੀ ਅਤੇ ਥਾਣੇਦਾਰ ਸਤਪਾਲ ਦੀ ਅਗਵਾਈ ਵਾਲੀ ਟੀਮ ਨੇ ਸੰਨੀ ਇਨਕਲੇਵ ਲਾਈਟਾਂ ਨੇੜੇ ਉਕਤ ਨੰਬਰੀ ਮੋਟਰਸਾਈਕਲ ਜਾਂਚ ਲਈ ਰੋਕਿਆ, ਜਿਸ ਨੂੰ ਸ਼ੰਮੀ ਚਲਾ ਰਿਹਾ ਸੀ, ਜਦਕਿ ਉਸ ਦੇ ਪਿਛੇ ਨਸੀਬ ਚੰਦ ਬੈਠਾ ਸੀ। ਪੁਲਿਸ ਨੇ ਨਸੀਬ ਚੰਦ ਪਾਸੋਂ ਇਕ ਦੇਸੀ ਪਿਸਤੌਲ 32 ਬੋਰ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ। ਪੁਲਿਸ ਨੇ ਇਸ ਸੰਬੰਧ 'ਚ ਸਿਟੀ ਥਾਣਾ ਖਰੜ ਵਿਖੇ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਨੂੰ ਐਤਵਾਰ ਨੂੰ ਖਰੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਪੁਲਿਸ ਅਨੁਸਾਰ ਨਸੀਬ ਚੰਦ (26) ਰਿਆਤ ਐਂਡ ਬਾਹਰਾ ਯੂਨੀਵਰਸਿਟੀ 'ਚ ਬੀਟੈਕ ਮਕੈਨੀਕਲ ਦੀ ਪੜ੍ਹਾਈ ਕਰ ਰਿਹਾ ਹੈ ਜੋ ਸਟੂਡੈਂਟ ਸੰਗਠਨ ਐਨਐਸਯੂਆਈ ਦਾ ਜ਼ਿਲ੍ਹਾ ਪ੍ਰਧਾਨ ਹੈ ਜਦਕਿ ਸ਼ੰਮੀ ਸੈਕਟਰ 46 ਕਾਲਜ ਦਾ ਸੋਪੂ ਸੰਗਠਨ ਦਾ ਪ੍ਰਧਾਨ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।