ਦੋਹਾਂ ਮਾਮਿਆਂ ਤੋਂ ਇਲਾਵਾ ਹੋਰ ਲੋਕ ਵੀ ਸ਼ੱਕ ਦੇ ਘੇਰੇ 'ਚ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 28 ਸਤੰਬਰ (ਤਰੁਣ ਭਜਨੀ): 10 ਸਾਲਾ ਬੱਚੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਗ੍ਰਿਫ਼ਤਾਰ ਪੀੜਤਾ ਦੇ ਦੋਵੇਂ ਮਾਮੇ ਕੁਲ ਬਹਾਦੁਰ ਅਤੇ ਸ਼ੰਕਰ ਤੋਂ ਇਲਾਵਾ ਪੁਲਿਸ ਕੁੱਝ ਹੋਰ ਲੋਕਾਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖ ਰਹੀ ਹੈ। ਪੁਲਿਸ ਹੁਣ ਤਕ ਇਸ ਮਾਮਲੇ ਵਿਚ 8 ਲੋਕਾਂ ਦੇ ਡੀ.ਐਨ.ਏ. ਟੈਸਟ ਲਈ ਨਮੂਨੇ ਲੈ ਚੁਕੀ ਹੈ ਜਿਸ ਵਿਚ ਪਹਿਲਾਂ ਤੋਂ ਗ੍ਰਿਫ਼ਤਾਰ ਦੋਵੇਂ ਪੀੜਤ ਬੱਚੀ ਦੇ ਮਾਮੇ ਸ਼ਾਮਲ ਹਨ।
ਐਸ.ਐਸ.ਪੀ. ਨਿਲਾਂਬਰੀ ਵਿਜੇ ਜਗਦਲੇ ਨੇ ਦਸਿਆ ਕਿ ਕੁਲ ਬਹਾਦੁਰ ਦਾ ਡੀ.ਐਨ.ਏ. ਪੀੜਤ ਬੱਚੀ ਵਲੋਂ ਜਨਮ ਦਿਤੀ ਗਈ ਬੱਚੀ ਨਾਲ ਮੇਲ ਨਾ ਖਾਣ ਤੋਂ ਬਾਅਦ ਪੁਲਿਸ ਕੁੱਝ ਹੋਰ ਲੋਕਾਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖ ਰਹੀ ਹੈ। ਹਾਲਾਂਕਿ ਪੁਲਿਸ ਨੇ ਕੁਲ ਬਹਾਦੁਰ ਤੋਂ ਬਾਅਦ ਸ਼ੰਕਰ ਨੂੰ ਵੀ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ ਪਰ ਹਾਲੇ ਵੀ ਪੁਲਿਸ ਕੁੱਝ ਹੋਰ ਲੋਕਾਂ 'ਤੇ ਸ਼ੱਕ ਕਰ ਰਹੀ ਹੈ। ਐਸ.ਐਸ.ਪੀ. ਨੇ ਦਸਿਆ ਕਿ ਉਨ੍ਹਾਂ ਘਰ ਵਿਚ ਆਉਣ-ਜਾਣ ਵਾਲੇ 6 ਹੋਰ ਲੋਕਾਂ ਦੀ ਵੀ ਡੀ.ਐਨ.ਏ. ਟੈਸਟ ਲਈ ਨਮੂਨੇ ਲਏ ਹਨ। ਜਿਸ ਵਿਚ ਪੀੜਤ ਦੇ ਪਰਵਾਰ ਦੇ ਕੁੱਝ ਲੋਕ ਵੀ ਸ਼ਾਮਲ ਹਨ। ਉਨ੍ਹਾ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲੇ ਵਿਚ ਹੋਰ ਖ਼ੁਲਾਸਾ ਹੋ ਸਕੇਗਾ।
ਜ਼ਿਕਰਯੋਗ ਹੈ ਕਿ ਮਾਮਲੇ ਨੇ ਉਦੋਂ ਨਵਾਂ ਮੋੜ ਲਿਆ ਜਦ ਮੁਲਜ਼ਮ ਕੁਲ ਬਹਾਦੁਰ ਦਾ ਡ.ਐਨ.ਏ. ਪੀੜਤ ਵਲੋਂ ਜਨਮ ਦਿਤੀ ਗਈ ਬੱਚੀ ਨਾਲ ਮੇਲ ਨਹੀਂ ਖਾਇਆ ਅਤੇ ਇਹ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਪੀੜਤ ਬੱਚੀ ਦਾ ਮਾਮਾ ਕੁਲ ਬਹਾਦੁਰ ਉੁਸ ਵਲੋਂ ਜਨਮ ਦਿਤੀ ਗਈ ਬੱਚੀ ਦਾ ਪਿਉ ਨਹੀਂ ਹੈ। ਇਸਦਾ ਪ੍ਰਗਟਾਵਾ ਸੈਂਟਰਲ ਫੋਰੈਂਸਿਕ ਸਾਂਇਸ ਲੈਬਾਰਟਰੀ (ਸੀ ਐਫ਼ ਐਸ ਐਲ) ਵਲੋਂ ਦਿਤੀ ਗਈ ਡੀ ਐਨ ਏ ਰਿਪੋਰਟ ਤੋਂ ਹੋਇਆ ਸੀ।