ਚੰਡੀਗੜ੍ਹ, 31 ਅਕਤੂਬਰ (ਤਰੁਣ ਭਜਨੀ): 10 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਨੇ ਮੰਗਲਵਾਰ ਨੂੰ ਬੱਚੀ ਦੇ ਦੋਵੇਂ ਮਾਮਿਆਂ ਨੂੰ ਦੋਸ਼ੀ ਕਰਾਰ ਦੇ ਦਿਤਾ ਹੈ। ਅਦਾਲਤ ਵੀਰਵਾਰ ਨੂੰ ਦੋਸ਼ੀਆਂ ਵਿਰੁਧ ਸਜ਼ਾ 'ਤੇ ਫ਼ੈਸਲਾ ਸੁਣਾਏਗੀ। ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਇਸ ਮਾਮਲੇ ਨੂੰ ਫ਼ਾਸਟ ਟਰੈਕ ਦੀ ਤਰਜ਼ 'ਤੇ ਸੁਣਵਾਈ ਕੀਤੀ ਗਈ ਹੈ। ਕੁਕਰਮ ਕਾਰਨ ਪੀੜਤ ਬੱਚੀ ਗਰਭਵਤੀ ਹੋ ਗਈ ਸੀ। ਉਸ ਨੇ ਕੁੱਝ ਸਮਾਂ ਪਹਿਲਾਂ ਬੇਟੀ ਨੂੰ ਜਨਮ ਦਿਤਾ ਹੈ। ਮੰਗਲਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਦੋਵੇਂ ਮੁਲਜ਼ਮਾਂ ਪੇਸ਼ ਹੋਏ ਜਿਥੇ ਉਨ੍ਹਾ ਨੂੰ ਦੋਸ਼ੀ ਕਰਾਰ ਦਿਤਾ ਗਿਆ। ਅਦਾਲਤ ਵਿਚ ਛੋਟੇ ਮਾਮੇ ਸ਼ੰਕਰ ਦੀ ਪਤਨੀ ਵੀ ਮੌਜੂਦ ਸੀ ਜਦਕਿ ਮਾਮਲੇ ਵਿਚ ਸ਼ਿਕਾਇਤ ਕਰਤਾ ਧਿਰ ਵਲੋਂ ਕੋਈ ਵੀ ਹਾਜ਼ਰ ਨਹੀਂ ਸੀ।
ਇਸ ਤੋਂ ਪਹਿਲਾਂ ਪਿਛਲੀ ਸੁਣਵਾਈ ਵਿਚ ਬੱਚੀ ਦੇ ਦੋਵੇਂ ਮਾਮਿਆਂ ਦੇ ਬਿਆਨ ਦਰਜ ਕੀਤੇ ਗਏ ਸਨ। ਬੱਚੀ ਦੇ ਵੱਡੇ ਮਾਮੇ ਕੁਲਬਹਾਦੁਰ ਨੇ ਅਪਣੇ-ਆਪ ਤੇ ਲੱਗੇ ਦੋਸ਼ਾਂ ਨੂੰ ਝੂਠਾ ਦਸਿਆ ਸੀ। ਉਸ ਨੇ ਅਦਾਲਤ ਵਿਚ ਕਿਹਾ ਸੀ ਕਿ ਲਗਭਗ ਡੇਢ ਸਾਲ ਪਹਿਲਾਂ 10 ਸਾਲਾ ਬੱਚੀ ਦੇ ਪਿਤਾ ਨੇ ਮੇਰੀ ਧੀ ਨਾਲ ਛੇੜਛਾੜ ਕੀਤੀ ਸੀ ਅਤੇ ਉਹ ਫੜਿਆ ਗਿਆ ਸੀ, ਇਸ ਲਈ ਉਸ ਨੇ ਉਸ ਨੂੰ ਫਸਾਉਣ ਲਈ ਅਪਣੀ ਧੀ ਨਾਲ ਕੁਕਰਮ ਕਰਨ ਦੇ ਝੂਠੇ ਮਾਮਲੇ ਵਿਚ ਉਸ ਨੂੰ ਫਸਾਇਆ ਹੈ। ਪੀੜਤਾ ਦੇ ਦੂਜੇ ਮਾਮੇ ਸ਼ੰਕਰ ਨੇ ਵੀ ਅਪਣੇ ਆਪ ਨੂੰ ਬੇਕਸੂਰ ਦਸਿਆ ਸੀ।ਛੋਟੇ ਮਾਮੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਇਆ ਨਵਾਂ ਮੋੜ : ਇਸ ਮਾਮਲੇ ਨਵਾਂ ਮੋੜ ਉਦੋਂ ਆਇਆ ਜਦ ਮੁਲਜ਼ਮ ਕੁਲਬਹਾਦੁਰ ਦਾ ਡੀ.ਐਨ.ਏ. ਪੀੜਤ ਵਲੋਂ ਜਨਮ ਦਿਤੀ ਗਈ ਬੱਚੀ ਨਾਲ ਮੇਲ ਨਹੀਂ ਖਾਇਆ ਅਤੇ ਇਹ ਸਾਹਮਣੇ ਆਇਆ ਕਿ ਕੁਲਬਹਾਦੁਰ ਨਵ-ਜੰਮੀ ਬੱਚੀ ਦਾ ਪਿਉ ਨਹੀਂ ਹੈ। ਇਸ ਦਾ ਪ੍ਰਗਟਾਵਾ ਸੈਂਟਰਲ ਫ਼ੋਰੈਂਸਿਕ ਸਾਇੰਸ ਲੈਬਾਰਟਰੀ (ਸੀ.ਐਫ਼.ਐਸ.ਐਲ.) ਵਲੋਂ ਦਿਤੀ ਗਈ ਡੀ.ਐਨ.ਏ. ਰੀਪੋਰਟ ਤੋਂ ਹੋਇਆ ਸੀ। ਸੀ ਐਫ਼ ਐਸ ਐਲ ਨੇ ਇਹ ਰੀਪੋਰਟ ਅਦਾਲਤ ਵਿਚ ਪੇਸ਼ ਕੀਤੀ ਸੀ। ਛੋਟੇ ਮਾਮੇ ਸ਼ੰਕਰ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਉਸਦਾ ਡੀ ਐਨ ਏ ਟੈਸਟ ਕਰਵਾਇਆ ਜਿਸ ਦੀ ਰੀਪੋਰਟ ਮੁਤਾਬਕ ਜਨਮ ਦਿਤੀ ਗਈ ਬੱਚੀ ਦਾ ਡੀ.ਐਨ.ਏ. ਛੋਟੇ ਮਾਮੇ ਨਾਲ ਮੇਲ ਖਾ ਗਿਆ। ਜਿਸ ਤੋਂ ਸਾਫ਼ ਹੋ ਗਿਆ ਕਿ ਨਵੀਂ ਜੰਮੀ ਬੱਚੀ ਦਾ ਪਿਉ ਸ਼ੰਕਰ ਹੀ ਹੈ।