ਦੁਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਨਮੂਨੇ ਟੈਸਟ

ਚੰਡੀਗੜ੍ਹ

ਜ਼ੀਰਕਪੁਰ, 22 ਸਤੰਬਰ (ਗੁਰਜੀਤ ਈਸਾਪੁਰ): ਸਰਕਾਰ ਵਲੋਂ ਦੁਧ ਖਪਤਕਾਰਾਂ ਨੂੰ ਦੁਧ ਦੀ ਬਣਤਰ ਅਤੇ ਮਨੁੱਖੀ ਸਿਹਤ ਲਈ ਇਸ ਦਾ ਮਹੱਤਵ ਤੇ ਦੁਧ ਵਿਚ ਸੰਭਾਵਤ ਮਿਲਾਵਟਾਂ ਦੀ ਜਾਣਕਾਰੀ ਦੇਣ ਲਈ ਸ਼ਹਿਰ 'ਚ ਦੁਧ ਖਪਤ ਜਾਗਰੂਕਤਾ ਮੁਹਿੰਮ ਤਹਿਤ ਦੁਧ ਪਰਖ ਕੈਂਪ ਲਗਾਇਆ ਗਿਆ।
ਡੇਅਰੀ ਟੈਕਨਾਲੋਜਿਸਟ ਦਰਸ਼ਨ ਸਿੰਘ ਦੀ ਦੇਖ-ਰੇਖ ਹੇਠ ਲਗਾਏ ਗਏ ਦੁਧ ਪਰਖ ਕੈਂਪ ਸਬੰਧੀ ਉਨ੍ਹਾਂ ਦਸਿਆ ਕਿ ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਚਲਾਏ ਜਾ ਰਹੇ ਦੁਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਸ਼ਹਿਰ 'ਚ ਮੋਬਾਈਲ ਲੈਬਾਰਟਰੀ ਰਾਹੀਂ ਦੁਧ ਦੇ 48 ਨਮੂਨੇ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 30 ਨਮੂਨੇ ਮਿਆਰਾਂ ਅਨੁਸਾਰ ਪਾਏ ਗਏ ਅਤੇ ਬਾਕੀ 18 ਨਮੂਨਿਆਂ ਵਿਚ ਪਾਣੀ ਦੀ ਮਿਲਾਵਟ ਪਾਈ ਗਈ। ਜਿਸ ਦੀ ਮਿਕਦਾਰ 12 ਤੋਂ 28 ਫ਼ੀ ਸਦੀ ਤਕ ਸੀ। ਪਾਣੀ ਦੀ ਮਿਲਾਵਟ ਤੋਂ ਇਲਾਵਾ ਕਿਸੇ ਵੀ ਨਮੂਨੇ ਵਿਚ ਹਾਨੀਕਾਰਕ ਕੈਮੀਕਲ/ ਬਾਹਰੀ ਪਦਾਰਥ ਨਹੀਂ ਪਾਏ ਗਏ। ਦਰਸ਼ਨ ਸਿੰਘ ਨੇ ਦਸਿਆ ਕਿ ਦੁਧ ਖਪਤਕਾਰਾਂ ਨੂੰ ਦੁਧ ਦੇ ਨਮੂਨੇ ਟੈਸਟ ਕਰਨ ਉਪਰੰਤ ਨਤੀਜੇ ਲਿਖਤੀ ਰੂਪ ਵਿਚ ਮੌਕੇ 'ਤੇ ਹੀ ਮੁਫ਼ਤ ਦਿਤੇ ਗਏ।
ਡੇਅਰੀ ਟੈਕਨੋਲੋਜਿਸਟ ਨੇ ਦੱਸਿਆ ਕਿ ਹੁਣ ਸਾਰੇ ਵਿਭਾਗੀ ਦਫਤਰਾਂ ਵਿੱਚ ਵੀ  ਦੁੱਧ ਦੀ ਪਰਖ ਮੁਫਤ ਕਰਵਾਈ ਜਾ ਸਕਦੀ ਹੈ ਕਿਸੇ ਵੀ ਥਾਂ ਤੇ ਜੇਕਰ  ਅਜਿਹਾ ਕੈਂਪ ਆਯੋਜਿਤ ਕਰਵਾਉਣਾ ਹੋਵੇ ਤਾਂ ਵਿਭਾਗ ਦੇ ਜ਼ਿਲ੍ਹਾਂ ਪੱਧਰੀ ਦਫਤਰ ਜਾਂ ਹੈਲਪ ਲਾਇਨ ਨੰਬਰ 0172-2219276 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦਾ ਮੁੱਖ ਮੰਤਵ ਦੁੱਧ ਖਪਤਕਾਰਾਂ ਨੂੰ ਉਨ੍ਹਾਂ ਵੱਲੋਂ ਖਰੀਦੇ ਦੁੱਧ ਵਿੱਚ ਮੌਜੂਦ ਤੱਤਾਂ ਬਾਰੇ ਜਾਣਕਾਰੀ ਦੇਣਾ ਹੈ ਅਤੇ ਜਾਗਰੂਕ ਖਪਤਕਾਰ ਹੀ ਦੁੱਧ ਵਿੱਚ ਮਿਲਾਵਟ ਦੀ ਸੰਭਾਵਨਾਵਾਂ ਨੂੰ ਖਤਮ ਕਰ ਸਕਦੇ ਹਨ। ਇਸ ਮੌਕੇ ਜੋਧ ਸਿੰਘ ਡੇਅਰੀ ਇੰਸਪੈਕਟਰ, ਦੁੱਧ ਖਪਤਕਾਰ ਨਿਤਿਨ, ਰਮੇਸ ਤਿਵਾੜੀ, ਰਵਿੰਦਰ, ਜਿਓਤੀ, ਮੋਨਿਕਾ, ਅਰਚਨਾਂ, ਲਕਸਮੀ, ਜਸਪਾਲ ਕੌਰ , ਲਤਾ, ਬਬੀਤਾ, ਸਪਨਾ,ਹਰਦੀਪ ਸਿੰਘ, ਗੁਰਦੀਪ ਸਿੰਘ ਅਤੇ ਹੋਰ ਦੁੱਧ ਖਪਤਕਾਰ ਵੀ ਮੌਜੂਦ ਸਨ।