ਦੁਕਾਨ 'ਚੋਂ ਲੱਖਾਂ ਰੁਪਏ ਦਾ ਕਪੜਾ ਚੋਰੀ

ਚੰਡੀਗੜ੍ਹ, ਚੰਡੀਗੜ੍ਹ

ਡੇਰਾਬੱਸੀ, 13 ਅਕਤੂਬਰ (ਗੁਰਜੀਤ ਈਸਾਪੁਰ): ਪਿੰਡ ਗੁਲਾਬਗੜ੍ਹ ਰੋਡ 'ਤੇ ਸਥਿਤ ਡੈਂਟਲ ਕਾਲਜ ਨੂੰ ਜਾਂਦੀ ਸੜਕ 'ਤੇ ਕਪੜੇ ਦੀ ਦੁਕਾਨ ਵਿਚ ਬੀਤੀ ਰਾਤ ਲੱਖਾਂ ਰੁਪਏ ਦਾ ਕਪੜਾ ਚੋਰੀ ਗਿਆ।  ਦੁਕਾਨ ਦੀ ਮਾਲਕ ਮਨਜੀਤ ਕੌਰ ਪਤਨੀ ਸੰਜੀਵ ਕੁਮਾਰ ਮੁਤਾਬਕ ਦੀਵਾਲੀ ਦੇ ਤਿਉਹਾਰ ਕਾਰਨ ਉਹ ਕਲ ਹੀ ਬਾਹਰ ਤੋਂ ਵੱਡੀ ਮਾਤਰਾ ਵਿਚ ਦੁਕਾਨ ਲਈ ਕਪੜਾ ਖ਼ਰੀਦ ਕੇ ਲਿਆਏ ਸਨ। ਇਨ੍ਹਾਂ ਕਪੜਿਆਂ ਵਿਚ ਸੂਟਾਂ ਦੇ ਥਾਨ, ਰੇਡੀਮੇਡ ਪੈਕਿੰਗ ਵਾਲੇ ਸੂਟ, ਚੁੰਨੀਆਂ ਦੇ ਥਾਨ ਅਤੇ ਹੋਰ ਕਪੜੇ ਸਨ। ਉਹ ਕਲ ਰਾਤ ਇਹ ਸਾਰਾ ਸਮਾਨ ਦੁਕਾਨ ਵਿਚ ਰੱਖ ਕੇ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਘਰ ਚਲੇ ਗਏ। 

ਸੰਜੀਵ ਕੁਮਾਰ ਅਨੁਸਾਰ ਉਹ ਰੋਜ਼ਾਨਾਂ ਦੀ ਤਰਾਂ ਰਾਤ ਨੂੰ ਅਪਣੀ ਦੁਕਾਨ ਚੈਕ ਕਰ ਕੇ ਗਿਆ ਤਾਂ ਉਸ ਸਮੇਂ ਦੁਕਾਨ ਦੇ ਤਾਲੇ ਠੀਕ ਠਾਕ ਲੱਗੇ ਹੋਏ ਸਨ ਪਰ ਜਦ ਉਹ ਸਵੇਰੇ ਦੁਕਾਨ ਖੋਲ੍ਹਣ ਲਈ ਆਏ ਤਾਂ ਦੁਕਾਨ ਦਾ ਇਕ ਪਾਸੇ ਤੋਂ ਥੋੜ੍ਹਾ ਜਿਹਾ ਸ਼ਟਰ ਚੁਕਿਆ ਹੋਇਆ ਅਤੇ ਦੂਜੇ ਪਾਸੇ ਤਾਲਾ ਲੱਗਾ ਹੋਇਆ ਸੀ। ਜਦ ਉਨ੍ਹਾਂ ਦੁਕਾਨ ਵਿਚ ਵੇਖਿਆ ਤਾਂ ਦੁਕਾਨ ਦਾ ਸਾਰਾ ਹੀ ਸਮਾਨ ਕਪੜੇ ਜਿਸ ਵਿਚ ਸੂਟਾਂ ਦੇ ਥਾਨ, ਰੈਡੀਮੇਟ ਸੂਟ, ਚੁੰਨੀਆਂ ਅਤੇ ਪੈਕਿਗ ਵਾਲੇ ਸੂਟ ਸਨ ਦੁਕਾਨ ਵਿਚੋਂ ਗਾਇਬ ਸਨ। ਸਿਰਫ਼ ਹੈਂਗਰਾਂ ਤੇ ਟੰਗੇ ਹੋਏ ਸੂਟ ਹੀ ਬਚੇ। ਮਨਜੀਤ ਕੌਰ ਮੁਤਾਬਕ ਚੋਰੀ ਹੋਏ ਕਪੜੇ ਦੀ ਕੀਮਤ ਲਗਭਗ ਤਿੰਨ ਲੱਖ ਰੁਪਏ ਦੇ ਕਰੀਬ ਸੀ। ਉਨ੍ਹਾਂ ਕਿਹਾ ਕਿ ਉਨਾਂ ਇਸ ਚੋਰੀ ਦੀ ਘਟਨਾਂ ਦੀ ਰਿਪੋਰਟ ਥਾਂਣਾ ਡੇਰਾਬੱਸੀ ਵਿਖੇ ਕਰ ਦਿਤੀ ਹੈ। ਹੌਲਦਾਰ ਗੁਰਮੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਘਟਨਾ ਵਾਲੇ ਸਥਾਨ ਦਾ ਮੌਕਾ ਵੇਖ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।