ਫ਼ੇਜ਼-6 ਮਾਰਕੀਟ 'ਚ ਅਣਪਛਾਤੀ ਲਾਸ਼ ਬਰਾਮਦ

ਚੰਡੀਗੜ੍ਹ, ਚੰਡੀਗੜ੍ਹ



ਐਸ.ਏ.ਐਸ. ਨਗਰ, 1 ਅਕਤੂਬਰ (ਗੁਰਮੁਖ ਵਾਲੀਆ) : ਫੇਜ਼-6 ਸਥਿਤ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਣੀ ਮਾਰਕੀਟ 'ਚ ਇਕ ਦਰੱਖ਼ਤ ਹੇਠ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਲਾਸ਼ ਨੂੰ ਪਹਿਲਾਂ ਮੋਹਾਲੀ ਵਾਸੀ ਇਕ ਵਿਅਕਤੀ ਅਨੀਸ਼ ਨੇ ਵੇਖਿਆ ਜੋ ਲੈਬੋਗ੍ਰਾਮ ਲੈਬਾਰਟਰੀ ਵਿਚ ਕੰਮ ਕਰਦਾ ਹੈ। ਉਸ ਨੇ ਇਸ ਦੀ ਜਾਣਕਾਰੀ 100 ਨੰਬਰ 'ਤੇ ਪੁਲਿਸ ਨੂੰ ਦਿਤੀ ਜਿਸ ਤੋਂ ਬਾਅਦ ਪੀਸੀਆਰ ਪਾਰਟੀ ਦੇ ਮੁਲਾਜ਼ਮ ਮੌਕੇ 'ਤੇ ਪੁੱਜੇ ਜਿਨ੍ਹਾਂ ਫੇਜ਼-6 ਚੌਕੀ ਇੰਚਾਰਜ ਬਲਜਿੰਦਰ ਸਿੰਘ ਮੰਡ ਨੂੰ ਮ੍ਰਿਤਕ ਦੀ ਜਾਣਕਾਰੀ ਦਿਤੀ। ਬਲਜਿੰਦਰ ਮੰਡ ਨੇ ਦਸਿਆ ਕਿ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਮ੍ਰਿਤਕ ਦੀ ਉਮਰ 35 ਕੁ ਸਾਲ ਦੇ ਆਸਪਾਸ ਹੈ ਜਿਸ ਨੇ ਕਾਲੇ ਰੰਗ ਦਾ ਲੋਅਰ ਅਤੇ ਬਨਿਆਣ ਪਾਈ ਹੋਈ ਸੀ ਅਤੇ ਮ੍ਰਿਤਕ ਦੀ ਸੱਜੀ ਬਾਂਹ ਵੀ ਵੱਡੀ ਹੋਈ ਹੈ। ਮੰਡ ਨੇ ਦਸਿਆ ਕਿ ਮ੍ਰਿਤਕ ਦੇ ਸਰੀਰ 'ਤੇ ਕਿਸੇ ਤਰ੍ਹਾਂ ਦੀ ਸੱਟ ਦਾ ਕੋਈ ਨਿਸ਼ਾਨ ਨਹੀਂ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਸ ਦੀ ਮੌਤ ਦਾ ਕਾਰਨ ਨੈਚੂਰਲ ਜਾਂ ਫੇਰ ਨਸ਼ੇ ਦਾ ਵੱਧ ਸੇਵਨ ਕਰਨਾ ਹੋ ਸਕਦਾ ਹੈ। ਉਨ੍ਹਾਂ ਕਿਹਾ ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ 72 ਘੰਟਿਆਂ ਲਈ ਫੇਜ਼-6 ਹਸਪਤਾਲ ਦੀ ਮਾਰਚਰੀ ਵਿਚ ਰਖਵਾ ਦਿਤਾ ਹੈ।

ਦੂਜੇ ਪਾਸੇ ਇਨਸਾਨੀਅਤ ਉਸ ਵੇਲੇ ਸ਼ਰਮ ਸਾਰ ਹੋ ਗਈ ਜਦ ਲਾਵਾਰਸ ਵਿਅਕਤੀ ਦੀ ਲਾਸ਼ ਨੂੰ ਪੁਲਿਸ ਨੇ ਇਕ ਰੇਹੜੀ 'ਤੇ ਪਾ ਕੇ ਹਸਪਤਾਲ ਪਹੁੰਚਾਇਆ ਅਤੇ ਕਪੜਾ ਪਾਉਣ ਦੀ ਥਾਂ ਫ਼ਰੂਟ ਦੇ ਥੈਲੇ ਨਾਲ ਹੀ ਲਾਸ਼ ਨੂੰ ਢੱਕ ਦਿਤਾ। ਪੁਲਿਸ ਦੇ ਇਸ ਗ਼ੈਰ ਜ਼ਿੰਮੇਵਾਰਾਨਾ ਕੰਮ ਤੋਂ ਜ਼ਾਹਰ ਹੁੰਦਾ ਹੈ ਕਿ ਲਾਵਾਰਸ ਵਿਅਕਤੀਆਂ ਨੂੰ ਪੁਲਿਸ ਨੇ ਲਾਵਾਰਸਾਂ ਵਾਂਗ ਹੀ ਹਸਪਤਾਲ ਪਹੁੰਚਾਇਆ।