ਫ਼ੇਜ਼-7 'ਚ ਸ਼ੋਅਰੂਮ ਖ਼ਾਲੀ ਕਰਵਾਉਣ ਮੌਕੇ ਦੋ ਧਿਰਾਂ ਭਿੜੀਆਂ, ਦੋ ਜ਼ਖ਼ਮੀ

ਚੰਡੀਗੜ੍ਹ, ਚੰਡੀਗੜ੍ਹ

ਐਸ.ਏ.ਐਸ. ਨਗਰ, 9 ਨਵੰਬਰ (ਗੁਰਮੁਖ ਸਿੰਘ ਵਾਲੀਆ): ਸਥਾਨਕ ਫੇਜ਼ 7 ਦੇ ਸ਼ੋਅਰੂਮ ਨੰਬਰ 110 ਨੂੰ ਖ਼ਾਲੀ ਕਰਵਾਉਣ ਸਬੰਧੀ ਅੱਜ ਸ਼ੋਅਰੂਮ 'ਤੇ ਕਾਬਜ਼ ਕਿਰਾਏਦਾਰ ਅਤੇ ਮਾਲਕ ਮਕਾਨ ਵਿਚਾਲੇ ਵਿਵਾਦ ਖੜਾ ਹੋ ਗਿਆ ਜਿਸ ਤੋਂ ਬਾਅਦ ਦੋਹਾਂ ਧਿਰਾਂ ਵਲੋਂ ਕਿਰਪਾਨਾਂ ਅਤੇ ਡਾਂਗਾਂ ਨਾਲ ਇਕ ਦੂਜੇ 'ਤੇ ਹਮਲਾ ਕਰ ਦਿਤਾ ਗਿਆ। ਇਸ ਦੌਰਾਨ ਮਾਰਕੀਟ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਅਤੇ ਦੁਕਾਨਦਾਰ ਦਹਿਸ਼ਤ ਵਿਚ ਆ ਗਏ।ਜਾਣਕਾਰੀ ਅਨੁਸਾਰ ਸ਼ੋਅਰੂਮ ਦੇ ਮਾਲਕ ਸੰਦੀਪ ਸਿੰਘ ਸ਼ੋਅਰੂਮ ਵਿਚ ਪੁੱਜ ਕੇ ਅਦਾਲਤ ਦੇ ਨੁਮਾਇੰਦੇ ਦੀ ਹਾਜ਼ਰੀ ਵਿਚ ਅਪਣੇ ਸਾਥੀਆਂ ਦੀ ਮਦਦ ਨਾਲ ਕਿਰਾਏਦਾਰ ਕਮਲਜੀਤ ਸਿੰਘ ਦਾ ਸਮਾਨ ਚੁੱਕ ਕੇ ਬਾਹਰ ਸੁੱਟਣ ਲੱਗਾ। ਇਸ ਦੌਰਾਨ ਦੋਹਾਂ ਧਿਰਾਂ ਵਿਚਾਲੇ ਹੋਈ ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਉਨ੍ਹਾਂ ਕਿਰਪਾਨਾਂ ਅਤੇ ਡਾਂਗਾਂ ਨਾਲ ਇਕ-ਦੂਜੇ 'ਤੇ ਹਮਲਾ ਕਰ ਦਿਤਾ। ਇਸ ਸ਼ੋਅਰੂਮ ਸਬੰਧੀ ਮਾਲਕ ਨੇ ਅਦਾਲਤ ਵਿਚ ਕੇਸ ਪਾਇਆ ਹੋਇਆ ਸੀ ਜੋ ਉਹ ਜਿੱਤ ਗਿਆ ਅਤੇ ਅੱਜ ਉਹ ਇਹ ਸ਼ੋਅਰੂਮ ਖ਼ਾਲੀ ਕਰਵਾਉਣ ਆਇਆ ਸੀ ਜਦ ਦੋਹਾਂ ਧਿਰਾਂ ਵਿਚ ਲੜਾਈ ਹੋ ਗਈ।ਇਸ ਦੁਕਾਨ ਦੇ ਕਿਰਾਏਦਾਰ ਕਮਲਜੀਤ ਸਿੰਘ ਨੇ ਦਸਿਆ ਕਿ ਉਹ ਅਪਣੇ ਭਰਾ ਵਰਿੰਦਰ ਸਿੰਘ ਨਾਲ ਦੁਕਾਨ 'ਤੇ ਬੈਠਾ ਸੀ। 

ਇਸ ਦੌਰਾਨ ਮਾਲਕ ਸੰਦੀਪ ਸਿੰਘ ਅਪਣੇ ਨਾਲ 15-20 ਬੰਦੇ ਲੈ ਕੇ ਆਇਆ ਅਤੇ ਆਉਂਦੇ ਸਾਰ ਉਨ੍ਹਾਂ ਦੀ ਦੁਕਾਨ ਦਾ ਸਾਮਾਨ ਚੁੱਕ ਕੇ ਬਾਹਰ ਸੁੱਟਣਾ ਸ਼ੁਰੂ ਕਰ ਦਿਤਾ। ਕਮਲਜੀਤ ਨੇ ਕਿਹਾ ਕਿ ਉਸ ਨੇ ਸੰਦੀਪ ਅਤੇ ਉਸ ਦੇ ਹਮਾਇਤੀਆਂ ਨੂੰ ਰੋਕਿਆ ਤਾਂ ਉਨ੍ਹਾਂ ਨੇ ਹਮਲਾ ਕਰ ਦਿਤਾ। ਉਸ ਨੇ ਦਸਿਆ ਕਿ ਅਦਾਲਤ ਨੇ ਉਨ੍ਹਾਂ ਨੂੰ 21 ਨਵੰਬਰ ਤਕ ਸ਼ੋਅਰੂਮ ਖ਼ਾਲੀ ਕਰਨ ਲਈ ਕਿਹਾ ਸੀ। ਸੰਦੀਪ ਸਿੰਘ 12 ਦਿਨ ਪਹਿਲਾਂ ਹੀ ਉਨ੍ਹਾਂ ਦਾ ਸਾਮਾਨ ਸੁੱਟ ਕੇ ਕਬਜ਼ਾ ਕਰਨ ਆ ਗਿਆ। ਅਦਾਲਤ ਤੋਂ ਆਏ ਨੁਮਾਇੰਦੇ ਹਰਜੀਤ ਸਿੰਘ ਨੇ ਕਿਹਾ ਕਿ ਉਹ ਅਦਾਲਤ ਦੇ ਹੁਕਮਾਂ ਅਨੁਸਾਰ ਸ਼ੋਅਰੂਮ ਦੇ ਮਾਲਕ ਨਾਲ ਉਥੇ ਆਇਆ ਸੀ। ਮੌਕੇ 'ਤੇ ਪੁੱਜੀ ਪੁਲਿਸ ਨੇ ਦੋਹਾਂ ਧਿਰਾਂ ਨੂੰ ਮਟੌਰ ਥਾਣੇ ਸੱਦ ਲਿਆ। ਇਸ ਸਬੰਧੀ ਸੰਪਰਕ ਕਰਨ 'ਤੇ ਐਸ.ਐਚ.ਓ. ਜਰਨੈਲ ਸਿੰਘ ਨੇ ਦਸਿਆ ਕਿ ਦੋਹਾਂ ਧਿਰਾਂ ਨੇ ਥਾਣੇ ਵਿਚ ਆਪਸੀ ਸਮਝੌਤਾ ਕਰ ਲਿਆ, ਇਸ ਲਈ ਕੋਈ ਕੇਸ ਦਰਜ ਨਹੀਂ ਕੀਤਾ ਗਿਆ।