ਚੰਡੀਗੜ੍ਹ, 16 ਦਸੰਬਰ (ਬਠਲਾਣਾ) : ਪੰਜਾਬ ਯੂਨੀਵਰਸਟੀ ਸੈਨੇਟ ਦੀ ਅੱਜ ਹੋਈ ਮੀਟਿੰਗ ਵਿਚ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦ ਉਪ-ਕੁਲਪਤੀ ਪ੍ਰੋ. ਅਰੁਨ ਗਰੋਵਰ ਨੇ ਦਸਿਆ ਕਿ ਆਇਟਮ ਨੰਬਰ 38 ਵਾਪਸ ਲਈ ਜਾ ਰਹੀ ਹੈ। ਇਸ 'ਤੇ ਇਤਰਾਜ ਕਰਦਿਆਂ ਏ.ਐਸ. ਕਾਲਜ ਖੰਨਾ ਦੇ ਡਾ. ਕੇ.ਕੇ. ਸ਼ਰਮਾ ਅਤੇ ਪ੍ਰੋ. ਹਰਪ੍ਰੀਤ ਦੂਆ, ਅਸ਼ੋਕ ਗੋਇਲ, ਪ੍ਰੋ. ਕੇਸ਼ਵ ਮਲਹੋਤਰਾ ਸਮੇਤ ਕਈ ਮੈਂਬਰਾਂ ਨੇ ਦੋਸ਼ ਲਾਇਆ ਕਿ ਇਸ ਨੂੰ ਜਾਣ-ਬੁਧ ਕੇ ਵਾਪਸ ਲਿਆ ਗਿਆ ਹੈ। ਹੰਗਾਮੇ ਕਾਰਨ ਪ੍ਰੋ. ਗਰੋਵਰ ਦੋ ਵਾਰੀ ਮੀਟਿੰਗ ਵਿਚਾਲੇ ਛੱਡ ਕੇ ਬਾਹਰ ਗਏ। ਇਸ ਆਈਟਮ ਰਾਹੀਂ ਯੂਨੀਵਰਸਟੀ ਨੇ ਗ਼ੈਰ-ਸਰਕਾਰੀ ਕਾਲਜਾਂ ਵਿਚ ਪ੍ਰਿੰਸੀਪਲਾਂ ਨੂੰ 60 ਸਾਲ ਤੋਂ ਬਾਅਦ 65 ਸਾਲ ਤਕ ਨੌਕਰੀ ਕਰਨ ਦੀ ਇਜਾਜ਼ਤ ਦਿਤੀ ਹੋਈ ਹੈ। ਵਿਰੋਧ ਕਰਨ ਵਾਲਿਆਂ ਦਾ ਕਹਿਣ ਸੀ ਕਿ ਇਹ ਪੰਜਾਬ ਸਰਕਾਰ ਦੇ ਨਿਯਮਾਂ ਵਿਰੋਧ ਹੈ ਅਤੇ ਕਈ ਕਾਲਜਾਂ 'ਚ ਦੋ-ਦੋ ਪ੍ਰਿੰਸੀਪਲ ਕੰਮ ਕਰ ਰਹੇ ਹਨ। ਇਕ ਯੂਨੀਵਰਸਟੀ ਨਿਯਮਾਂ ਅਨੁਸਾਰ ਕੰਮ ਕਰਦਾ ਹੈ ਜਦਕਿ ਪੰਜਾਬ ਸਰਕਾਰ 60 ਸਾਲ ਤੋਂ ਬਾਅਦ ਅਜਿਹੇ ਪ੍ਰਿੰਸੀਪਲਾਂ ਨੂੰ ਪ੍ਰਵਾਨਗੀ ਨਹੀਂ ਦਿੰਦੀ। ਬਾਅਦ ਵਿਚ ਵੀ.ਸੀ. ਨੇ ਐਲਾਨ ਕੀਤਾ ਕਿ ਕਾਲਜਾਂ ਦੇ ਮਾਮਲਿਆਂ 'ਤੇ ਵਿਚਾਰ ਕਰਨ ਲਈ 7 ਜਨਵਰੀ ਨੂੰ ਵਿਸ਼ੇਸ਼ ਸੈਨੇਟ ਕੀਤੀ ਜਾ ਰਹੀ ਹੈ ਤਾਂ ਕਿਤੇ ਜਾ ਕੇ ਮਾਮਲਾ ਠੰਢਾ ਪਿਆ।