ਗਮਾਡਾ ਵਲੋਂ ਫ਼ੇਜ਼-11'ਚ ਮਕਾਨ ਸੀਲ, ਬੱਚਾ ਵੀ ਕੀਤਾ ਅੰਦਰ ਬੰਦ

ਚੰਡੀਗੜ੍ਹ, ਚੰਡੀਗੜ੍ਹ



ਐਸ.ਏ.ਐਸ. ਨਗਰ, 31 ਅਗੱਸਤ (ਗੁਰਮੁਖ ਵਾਲੀਆ, ਸੁਖਦੀਪ ਸਿੰਘ ਸੋਈਂ) : ਸਥਾਨਕ ਫ਼ੇਜ਼-11 ਵਿਚ ਬਣੇ ਗਮਾਡਾ ਦੇ ਫ਼ਲੈਟਾਂ ਵਿਚ ਰਹਿੰਦੀ ਗੁਰਪ੍ਰੀਤ ਕੌਰ ਨਾਂ ਦੀ ਔਰਤ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦ ਉਹ ਦੁਪਹਿਰ ਵੇਲੇ ਅਪਣੇ ਘਰ ਦੇ ਬਾਹਰ ਕੁੰਡੀ ਲਗਾ ਕੇ ਨੇੜੇ ਦੀ ਦੁਕਾਨ ਤੋਂ ਦਵਾਈ ਲੈਣ ਗਈ ਅਤੇ ਪਰਤਨ ਤੇ ਵੇਖਿਆ ਕਿ ਉਸ ਦੇ ਘਰ ਦੇ ਬਾਹਰ ਤਾਲਾ ਲਗਾ ਕੇ ਉਸ ਉੱਪਰ ਬਾਕਾਇਦਾ ਸੀਲ ਲਗਾ ਦਿਤੀ ਗਈ ਸੀ। ਇਸ ਔਰਤ ਦਾ ਤਿੰਨ ਸਾਲ ਦਾ ਬੱਚਾ ਕਿਰਨਦੀਪ ਉਸ ਵੇਲੇ ਘਰ ਅੰਦਰ ਹੀ ਸੀ ਅਤੇ ਦਰਵਾਜ਼ੇ 'ਤੇ ਲੱਗੇ ਤਾਲੇ ਅਤੇ ਸੀਲ ਨੂੰ ਵੇਖ ਕੇ ਔਰਤ ਹੈਰਾਨ ਹੋ ਗਈ।
ਫ਼ੇਜ਼-11 ਵਿਚ ਕੁੱਝ ਮਕਾਨ ਅਜਿਹੇ ਹਨ ਜਿਨ੍ਹਾਂ ਵਿਚ ਅਜਿਹੇ ਪਰਵਾਰਾਂ ਦਾ ਕਬਜ਼ਾ ਹੈ ਜਿਹੜੇ ਖ਼ੁਦ ਨੂੰ ਦੰਗਾ ਪੀੜਤ ਹੋਣ ਦਾ ਸਬੂਤ ਨਹੀਂ ਦੇ ਸਕੇ ਸੀ ਅਤੇ ਗਮਾਡਾ ਵਲੋਂ ਉਨ੍ਹਾਂ ਮਕਾਨਾਂ ਨੂੰ ਖ਼ਾਲੀ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਹ ਮਕਾਨ ਵੀ ਉਸੇ ਤਰ੍ਹਾਂ ਦਾ ਹੀ ਹੈ। ਪੀੜਤ ਔਰਤ ਅਨੁਸਾਰ ਬਾਅਦ ਦੁਪਹਿਰ ਇਥੇ ਆਏ ਗਮਾਡਾ ਦੇ ਕਰਮਚਾਰੀਆਂ ਨੇ ਉਸ ਵੇਲੇ ਉਸ ਦੇ ਮਕਾਨ ਨੂੰ ਸੀਲ ਕਰ ਦਿਤਾ ਜਦੋਂ ਉਹ ਬਾਹਰ ਕੁੰਡੀ ਲਗਾ ਕੇ ਦਵਾਈ ਲੈਣ ਗਈ ਸੀ।
ਇਸ ਸਬੰਧੀ ਸਥਾਨਕ ਵਸਨੀਕਾਂ ਵਲੋਂ ਪੁਲਿਸ ਕੰਟਰੋਲ ਰੂਮ 'ਤੇ ਸ਼ਿਕਾਇਤ ਦਿਤੀ ਗਈ। ਬਾਅਦ ਵਿਚ ਫ਼ੇਜ਼-11 ਥਾਣੇ ਦੇ ਐਸ.ਐਚ.ਓ. ਵੀ ਮੌਕੇ 'ਤੇ ਪੁੱਜੇ ਜਿਨ੍ਹਾਂ ਵਲੋਂ ਗਮਾਡਾ ਦੇ ਸਬੰਧਤ ਕਰਮਚਾਰੀ ਨਾਲ ਗੱਲ ਕਰ ਕੇ ਮਕਾਨ ਦੀ ਚਾਬੀ ਲਿਆਉਣ ਲਈ ਕਿਹਾ ਪਰ ਉਕਤ ਕਰਮਚਾਰੀ ਵਲੋਂ ਇਹ ਕਹਿਣ 'ਤੇ ਕਿ ਉਹ ਮੁੱਲਾਂਪੁਰ ਨੇੜੇ ਹੈ। ਪੁਲਿਸ ਵਲੋਂ ਮਕਾਨ ਦਾ ਤਾਲਾ ਤੋੜ ਕੇ ਬੱਚੇ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ।
ਇਸ ਸਬੰਧੀ ਸੰਪਰਕ ਕਰਨ 'ਤੇ ਥਾਣਾ ਫੇਜ਼-11 ਦੇ ਮੁਖੀ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਮੌਕੇ ਦੀ ਨਜ਼ਾਕਤ ਅਨੁਸਾਰ ਉਨ੍ਹਾਂ ਵਲੋਂ ਤਾਲਾ ਤੋੜ ਕੇ ਬੱਚੇ ਨੂੰ ਬਾਹਰ ਕਢਿਆ ਗਿਆ ਕਿਉਂਕਿ ਬੱਚੇ ਦੀ ਉਮਰ ਬਹੁਤ ਘੱਟ ਹੈ ਅਤੇ ਉਸ ਦੇ ਘਬਰਾ ਜਾਣ ਕਾਰਨ ਉਸ ਦਾ ਕੋਈ ਨੁਕਸਾਨ ਹੋ ਸਕਦਾ ਸੀ। ਇਹ ਪੁੱਛਣ 'ਤੇ ਕਿ ਕੀ ਪੁਲਿਸ ਇਸ ਤਰੀਕੇ ਨਾਲ ਬੱਚੇ ਨੂੰ ਬੰਦ ਕਰਨ ਵਾਲੇ ਗਮਾਡਾ ਕਰਮਚਾਰੀਆਂ ਵਿਰੁਧ ਕਾਰਵਾਈ ਕਰੇਗੀ? ਉਨ੍ਹਾਂ ਕਿਹਾ ਕਿ ਗਮਾਡਾ ਦੇ ਕਰਮਚਾਰੀ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਮਕਾਨ ਸੀਲ ਕੀਤਾ ਗਿਆ ਇਹ ਮਕਾਨ ਖ਼ਾਲੀ ਸੀ ਅਤੇ ਇਸ ਦੇ ਨਾਲ ਵਾਲਾ ਮਕਾਨ ਇਸ ਅੰਦਰੋਂ ਜੁੜਿਆ ਹੋਣ ਕਾਰਨ ਵਸਨੀਕਾਂ ਵਲੋਂ ਗਮਾਡਾ 'ਤੇ ਦਬਾਉ ਪਾਉਣ ਲਈ ਬੱਚੇ ਨੂੰ ਖ਼ੁਦ ਹੀ ਬੰਦ ਕੀਤਾ ਹੋਣਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।